‘ਦ ਖ਼ਾਲਸ ਬਿਊਰੋ : ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਦਿੱਲੀ ਪੁਲਿਸ (Delhi Police) ਦੇ ਸਪੈਸ਼ਲ ਸੈੱਲ ਨੇ ਦਿਵਾਲੀ ਤੋਂ ਪਹਿਲਾਂ ਇੱਕ ਹੋਰ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਵੀਰਵਾਰ ਦੇਰ ਰਾਤ ਸਾਂਝੇ ਆਪਰੇਸ਼ਨ ਵਿੱਚ ਪੁਲਿਸ ਨੇ ਲਖਬੀਰ ਸਿੰਘ ਲੰਡਾ ਦੇ ਤਿੰਨ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਤਿੰਨਾਂ ਕੋਲੋਂ ਏਕੇ 47 ਰਾਈਫਲ ਅਤੇ ਤਿੰਨ ਪਿਸਤੌਲ ਬਰਾਮਦ ਹੋਏ ਹਨ। ਇਹ ਤਿੰਨੇ ਸ਼੍ਰੀ ਹਰਿਮੰਦਰ ਸਾਹਿਬ ਨੇੜੇ ਬਣੇ ਹੋਟਲ ਵਿੱਚ ਠਹਿਰੇ ਹੋਏ ਸਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ।
ਜਾਣਕਾਰੀ ਮੁਤਾਬਕ ਗੈਂਗਸਟਰ ਦੀਵਾਲੀ ਮੌਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ। ਸਥਾਨਕ ਪੁਲੀਸ ਅਧਿਕਾਰੀਆਂ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਦਾ ਖੁਲਾਸਾ ਨਹੀਂ ਕੀਤਾ ਗਿਆ। ਪੁਲੀਸ ਵੱਲੋਂ ਇੱਥੇ ਹੋਰ ਇਲਾਕਿਆਂ ਵਿਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਦੇ ਹੋਰ ਸਾਥੀ ਕਾਬੂ ਕੀਤੇ ਜਾ ਸਕਣ।
In a joint operation with Delhi Police Special Cell, @CPAmritsar & #AGTF have busted #Arms smuggling racket, operated by #Canada-based Landa.#Arrested 3 persons and Recovered 1 AK-47 & 3 pistols
Further investigation is on to find their associates and other consignments. pic.twitter.com/JkVe1VWm9g
— DGP Punjab Police (@DGPPunjabPolice) October 20, 2022
ਪੁਲੀਸ ਸੂਤਰਾਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਇਹ ਤਿੰਨੋਂ ਗੈਂਗਸਟਰ ਪਾਕਿਸਤਾਨ ਆਧਾਰਿਤ ਅੱਤਵਾਦੀ ਹਰਵਿੰਦਰ ਰਿੰਦਾ ਅਤੇ ਕੈਨੇਡਾ ਦੇ ਗੈਂਗਸਟਰ ਲਖਬੀਰ ਲੰਡਾ ਦੇ ਮਾਡਿਊਲ ਦਾ ਹਿੱਸਾ ਹਨ। ਇਹ ਗੈਂਗਸਟਰ ਲੰਘੇ ਦਿਨੀਂ ਇੱਥੇ ਆਏ ਸਨ ਅਤੇ ਇੱਕ ਹੋਟਲ ਵਿੱਚ ਠਹਿਰੇ ਸਨ। ਇਨ੍ਹਾਂ ਵਿੱਚੋਂ ਦੋ ਸਰਹਾਲੀ ਅਤੇ ਇਕ ਭਿੱਖੀਵਿੰਡ ਇਲਾਕੇ ਨਾਲ ਸਬੰਧਤ ਦੱਸਿਆ ਗਿਆ ਹੈ।