India

ਬਰਾਤੀਆਂ ਦੀ ਜੀਪ ਦਾ ਭਿਆਨਕ ਹਾਦਸਾ! ਅੱਗ ਲੱਗੀ, 3 ਦੋਸਤਾਂ ਦੀ ਮੌਤ, 6 ਝੁਲਸੇ

ਉਦੈਪੁਰ-ਆਬੂ ਰੋਡ ਨੈਸ਼ਨਲ ਹਾਈਵੇ (58E) ’ਤੇ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਬਰਾਤੀਆਂ ਨਾਲ ਭਰੀ ਜੀਪ ਤੇ ਮੋਟਰਸਾਈਕਲ ਵਿੱਚ ਭਿਆਨਕ ਟੱਕਰ ਹੋ ਗਈ। ਹਾਦਸਾ ਏਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ 3 ਨੌਜਵਾਨ 15 ਫੁੱਟ ਦੂਰ ਜਾ ਕੇ ਡਿੱਗੇ। ਇਹ ਤਿੰਨੇ ਆਪਸ ਵਿੱਚ ਦੋਸਤ ਸਨ ਤੇ ਤਿੰਨਾਂ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ।

ਹਾਦਸੇ ਵਿੱਚ ਮੋਟਰਸਾਈਕਲ ਦੀ ਪੈਟਰੋਲ ਦੀ ਟੈਂਕੀ ਫਟਣ ਕਰਕੇ ਜੀਪ ਤੇ ਮੋਟਰਸਾਈਕਲ ਦੋਵਾਂ ਨੂੰ ਅੱਗ ਲੱਗ ਗਈ ਜਿਸ ਕਰਕੇ ਜੀਪ ਵਿੱਚ ਸਵਾਰ 6 ਬਰਾਤੀ ਬੁਰੀ ਤਰ੍ਹਾਂ ਝੁਲਸ ਗਏ। ਇਨ੍ਹਾਂ ਵਿੱਚੋਂ ਇੱਕ ਔਰਤ ਤੇ ਇੱਕ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਾਮਲਾ ਉਦੈਪੁਰ ਦੇ ਫਲਸੀਆ ਇਲਾਕੇ ਦਾ ਹੈ।

ਫਲਾਸੀਆ ਥਾਣੇ ਦੇ ਅਧਿਕਾਰੀ ਸੀਤਾਰਾਮ ਨੇ ਦੱਸਿਆ ਕਿ ਹਾਦਸਾ ਸੋਮਵਾਰ ਦੇਰ ਸ਼ਾਮ ਵਾਪਰਿਆ। ਬਾਈਕ ’ਤੇ ਤਿੰਨ ਨੌਜਵਾਨ ਸਵਾਰ ਸਨ। ਤਿੰਨੋਂ ਦੋਸਤ ਸਨ। ਹਾਈਵੇਅ-58 ਈ ’ਤੇ ਟੁੰਡਰ ਮੋੜ ’ਤੇ ਦੋ ਵਾਹਨਾਂ ਵਿਚਾਲੇ ਜ਼ਬਰਦਸਤ ਟੱਕਰ ਹੋਈ। ਪੁਲਿਸ ਮੁਤਾਬਕ ਨੌਜਵਾਨਾਂ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ।

ਹਾਦਸੇ ਵਿੱਚ ਮਾਰੇ ਗਏ ਤਿੰਨ ਨੌਜਵਾਨਾਂ ਦੀ ਪਛਾਣ ਟੁੰਡਰ ਵਾਸੀ ਸੁਨੀਲ (20) ਪੁੱਤਰ ਹਾਕਮ, ਰਾਹੁਲ (17) ਪੁੱਤਰ ਚੰਪਾਲਾਲ ਅਤੇ ਦੀਪਕ (18) ਪੁੱਤਰ ਹੋਜੀਲਾਲ ਵਜੋਂ ਹੋਈ ਹੈ। ਜੀਪ ਵਿੱਚ ਸਵਾਰ ਔਰਤ ਸ਼ਿਵਲਾਲ (ਗਰਾਂਵਾਸ) ਦੀ ਪੁੱਤਰੀ ਨੀਰਮਾ ਤੇ ਸ਼ੰਕਰ ਲਾਲ (ਮੱਦੀ) ਪੁੱਤਰ ਰਤਨ ਲਾਲ ਗੰਭੀਰ ਰੂਪ ਵਿੱਚ ਝੁਲਸ ਗਏ। ਐਮਬੀ ਹਸਪਤਾਲ, ਉਦੈਪੁਰ ਵਿੱਚ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਬਾਈਕ ਸਵਾਰ ਸੁਨੀਲ, ਰਾਹੁਲ ਅਤੇ ਦੀਪਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਾਈਕ ਜੀਪ ਦੇ ਬੰਪਰ ਵਿੱਚ ਫਸ ਗਈ ਸੀ। ਜਦੋਂ ਬਾਈਕ ਨੂੰ ਅੱਗ ਲੱਗੀ ਤਾਂ ਇਸ ਨੇ ਜੀਪ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਵੇਖਦਿਆਂ ਹੀ ਵੇਖਦਿਆਂ ਅੱਗ ਭੜਕ ਗਈ। ਜੀਪ ਵਿੱਚ 6 ਲੋਕ ਸਵਾਰ ਸਨ। 4 ਲੋਕ ਮਾਮੂਲੀ ਝੁਲਸੇ। ਜਦਕਿ ਜੀਪ ਵਿੱਚ ਬੈਠੀ ਨੀਰਮਾ ਦੀ ਸਾੜੀ ਫਸਣ ਕਰਕੇ ਉਹ ਅੱਗ ਦੀ ਲਪੇਟ ਵਿੱਚ ਆ ਗਈ। ਰਤਨਲਾਲ ਉਸ ਨੂੰ ਬਚਾਉਣ ਲਈ ਅੱਗੇ ਆਇਆ। ਪਰ ਉਹ ਵੀ ਝੁਲਸ ਗਿਆ। ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

 

ਇਹ ਵੀ ਪੜ੍ਹੋ – ਅਡਾਨੀ ਦੀ UPI, ਡਿਜੀਟਲ ਪੇਮੈਂਟ, ਤੇ ਕ੍ਰੈਡਿਟ ਕਾਰਡ ਕਾਰੋਬਾਰ ’ਚ ਐਂਟਰੀ! ਰਿਪੋਰਟ ’ਚ ਦਾਅਵਾ