‘ਦ ਖ਼ਾਲਸ ਬਿਊਰੋ:- ਕੋਰੋਨਾ ਮਹਾਂਮਾਰੀ ਦੌਰਾਨ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਦੇ ਥੈਲਿਆਂ ਸਬੰਧੀ ਪੈਦਾ ਹੋਏ ਵਿਵਾਦ ਦੌਰਾਨ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਨੇ ਆਪਣੇ ਸਾਥੀਆਂ ਸਮੇਤ ਸ਼ਹਿਰ ਦੇ ਵਾਰਡ ਨੰਬਰ 91 ਦੇ ਕਾਂਗਰਸੀ ਕੌਂਸਲਰ ਗੁਰਪਿੰਦਰ ਕੌਰ ਸੰਧੂ ਦੇ ਪਤੀ ਬਲਵਿੰਦਰ ਸਿੰਘ ਸੰਧੂ ਦੇ ਸਕੂਲ ਵਿੱਚ ਛਾਪਾ ਮਾਰ ਕੇ ਸਕੂਲ ਵਿੱਚ ਸਟੋਰ ਕੀਤੇ ਰਾਸ਼ਨ ਦੇ ਹਜ਼ਾਰਾਂ ਬੈਗ ਬਰਾਮਦ ਕੀਤੇ।
ਬਾਂਸਲ ਨੇ ਦੋਸ਼ ਲਾਇਆ ਕਿ ਇਹ ਰਾਸ਼ਨ ਜ਼ਰੂਰਤਮੰਦਾਂ ਨੂੰ ਵੰਡਿਆ ਜਾਣਾ ਸੀ, ਪਰ ਕਾਂਗਰਸੀ ਕੌਂਸਲਰ ਨੇ ਵਿਧਾਇਕ ਰਾਕੇਸ਼ ਪਾਂਡੇ ਦੇ ਕਹਿਣ ’ਤੇ ਰਾਸ਼ਨ ਇੱਥੇ ਰੱਖਿਆ ਸੀ, ਜੋ ਉਹ ਆਪਣੇ ਚਹੇਤਿਆਂ ਨੂੰ ਵੰਡਣਾ ਚਾਹੁੰਦਾ ਸੀ। ਪ੍ਰਵੀਨ ਬਾਂਸਲ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਕੇਂਦਰ ਸਰਕਾਰ ਨੇ ਜ਼ਰੂਰਤਮੰਦਾਂ ਲਈ ਰਾਸ਼ਨ ਭੇਜਿਆ ਸੀ, ਜੋ ਪੰਜਾਬ ਸਰਕਾਰ ਰਾਹੀਂ ਵੰਡਿਆ ਜਾਣਾ ਸੀ।
ਪੰਜਾਬ ਸਰਕਾਰ ਨੇ ਰਾਸ਼ਨ ਦੇ ਬੈਗ ਅੱਗੇ ਕਾਂਗਰਸੀ ਆਗੂਆਂ ਨੂੰ ਭੇਜ ਦਿੱਤੇ ਸਨ। ਬਾਂਸਲ ਨੇ ਦੋਸ਼ ਲਾਇਆ ਕਿ ਰਾਸ਼ਨ ਦੇ ਕਥਿਤ ਤੌਰ ’ਤੇ 11 ਲੱਖ ਥੈਲੇ ਗਾਇਬ ਹਨ। ਉਹਨਾਂ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਏ ਜਾਣ ਦੀ ਅਪੀਲ ਕੀਤੀ ਹੈ। ਕਾਂਗਰਸੀ ਕੌਂਸਲਰ ਦੇ ਪਤੀ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਰਾਸ਼ਨ ਦੇ ਬੈਗ ਲੋਕਾਂ ਨੂੰ ਵੰਡਣ ਲਈ ਵਿਧਾਇਕ ਪਾਂਡੇ ਨੇ ਇੱਥੇ ਰਖਵਾਏ ਹੋਏ ਹਨ।