ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀ ਅਗਵਾਹੀ ਵਿੱਚ ਕਿਸਾਨਾਂ ਤੇ ਮਜਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ-ਹਰਿਆਣਾ ਦੀਆਂ ਸਰਹੱਦਾਂ ’ਤੇ ਪਿਛਲੇ 112 ਦਿਨਾਂ ਤੋਂ ਮੋਰਚੇ ਲੱਗੇ ਹੋਏ ਹਨ। ਇਸ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਸਮੂਹ ਜਥੇਬੰਦੀਆਂ ਵੱਲੋਂ 2 ਜੂਨ ਨੂੰ ਮੋਰਚੇ ਵਿੱਚ ਵੱਡੇ ਜਥੇ ਸ਼ਾਮਿਲ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਦੇ ਤਹਿਤ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਵੱਲੋਂ ਬਿਆਸ ਤੋਂ ਸੈਂਕੜੇ ਟ੍ਰੈਕਟਰ-ਟਰਾਲੀਆਂ ਰਾਹੀਂ ਹਜ਼ਾਰਾਂ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਦਾ ਕਾਫ਼ਲਾ ਸ਼ੰਭੂ ਬਾਰਡਰ ਮੋਰਚੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਹੈ।
ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਆਗੂ ਸਰਵਣ ਸਿੰਘ ਪੰਧੇਰ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਤੇ ਜ਼ਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਇਸ ਜਥੇ ਦੀ ਅਗਵਾਈ ਕਰ ਰਹੇ ਹਨ। ਇਨ੍ਹਾਂ ਆਗੂਆਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਤੇ ਦੇਸ਼ ਦੇ ਲੋਕਾਂ ਨੇ ਸਾਧਾਰਨ ਪੱਧਰ ਦੀ ਗਿਣਤੀ ਵਿੱਚ ਵੋਟਾਂ ਪਾਉਣ ਵਿੱਚ ਹਿੱਸਾ ਲਿਆ ਹੈ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਲੋਕਾਂ ਨੂੰ ਇਹਨਾਂ ਸਿਆਸੀ ਪਾਰਟੀਆਂ ਦੁਆਰਾ ਕੀਤੀ ਜਾਂਦੀ ਸਿਆਸਤ ਨਾਗਵਾਰ ਗੁਜ਼ਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਗੱਲ ਨੂੰ ਸਮਝ ਰਹੇ ਹਨ ਕਿ ਉਨ੍ਹਾਂ ਦੇ ਮਸਲਿਆਂ ਦਾ ਹੱਲ ਸੰਘਰਸ਼ ਤੇ ਟੇਕ ਰੱਖ ਕੇ ਹੋਣਾ ਹੈ।
ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਕਿਸੇ ਵੀ ਗਠਬੰਧਨ ਦੀ ਬਣੇ ਅੰਦੋਲਨ, ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ ਅਤੇ ਓਸ ਅੱਗੇ ਸਭ ਤੋਂ ਪਹਿਲਾ ਸਵਾਲ ਸਾਰੀਆਂ ਫ਼ਸਲਾਂ ਦੀ ਐਮ ਐਸ ਪੀ ਤੇ ਖਰੀਦ ਦਾ ਗਰੰਟੀ ਕਾਨੂੰਨ ਅਤੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਲਾਗੂ ਕਰਵਾਉਣ, ਕਿਸਾਨ ਮਜਦੂਰ ਦੀ ਕਰਜ਼ਾ ਮੁਕਤੀ, ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਰੁਜ਼ਗਾਰ ਅਤੇ ਦਿਹਾੜੀ 700 ਰੁਪਏ, ਕਿਸਾਨ ਮਜ਼ਦੂਰ ਲਈ ਪੈਨਸ਼ਨ, ਫਸਲੀ ਬੀਮਾ ਯੋਜਨਾ, ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਵਾਉਣ ਦੀ ਆਦਿਵਾਸੀਆਂ ਦੀ ਚਰੋਕਲੀ ਮੰਗ ਸਮੇਤ 10 ਅਹਿਮ ਮੰਗਾਂ ਦੇ ਹੱਲ ਕਰਨ ਦਾ ਹੋਵੇਗਾ।
ਇਸ ਮੌਕੇ ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਸੁਖਦੇਵ ਸਿੰਘ ਚਾਟੀਵਿੰਡ, ਕੰਧਾਰ ਸਿੰਘ ਭੋਇਵਾਲ, ਅਮਨਿੰਦਰ ਸਿੰਘ ਮਾਲੋਵਾਲ, ਚਰਨ ਸਿੰਘ ਕਲੇਰ ਘੁੰਮਾਣ, ਅਮਰੀਕ ਸਿੰਘ ਜਮਾਲਪੁਰ, ਰਣਜੀਤ ਸਿੰਘ ਚਾਟੀਵਿੰਡ, ਸੁਖਦੇਵ ਸਿੰਘ ਕਾਜ਼ੀਕੋਟ, ਗੁਰਬਾਜ਼ ਸਿੰਘ ਭੁੱਲਰ, ਮੁਖਤਾਰ ਸਿੰਘ ਭਗਵਾਂ ਤੋਂ ਇਲਾਵਾ ਹਜ਼ਾਰਾਂ ਕਿਸਾਨ ਮਜ਼ਦੂਰ ਤੇ ਔਰਤਾਂ ਕਾਫ਼ਲੇ ਦੇ ਰੂਪ ਵਿੱਚ ਸ਼ੰਭੂ ਬਾਰਡਰ ਲਈ ਰਵਾਨਾ ਹੋਏ ਹਨ।