Punjab

ਪੰਜਾਬ ‘ਚ ਹਜ਼ਾਰਾਂ ਹਥਿਆਰ ਲਾਇਸੈਂਸ ਰੱਦ ਹੋਣ ਦੇ ਖਦਸ਼ੇ, ਪੰਜਾਬ ਪੁਲਿਸ ਨੇ ਸਰਕਾਰ ਨੂੰ ਕੀਤੀ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਿਸ਼

ਪੰਜਾਬ ਵਿੱਚ ਗੰਨ ਕਲਚਰ ਨੂੰ ਰੋਕਣ ਲਈ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਸੂਬਾ ਸਰਕਾਰ ਨੂੰ ਲਗਭਗ 7,000 ਹਥਿਆਰ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਮਾਰਚ 2023 ਵਿੱਚ 803 ਲਾਇਸੈਂਸ ਰੱਦ ਕੀਤੇ ਗਏ ਸਨ। ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਮੁਤਾਬਕ, ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਨੁਮਾਇਸ਼, ਵਿਆਹਾਂ-ਸਮਾਗਮਾਂ ’ਚ ਜਸ਼ਨੀ ਫਾਇਰਿੰਗ ਅਤੇ ਅਪਰਾਧਿਕ ਗਤੀਵਿਧੀਆਂ ਲਈ ਲਾਇਸੈਂਸੀ ਹਥਿਆਰਾਂ ਦੀ ਵਰਤੋਂ ਵਧੀ ਹੈ।

ਇਸ ਲਈ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਸੂਬੇ ‘ਚ ਗੰਨ ਕਲਚਰ ‘ਚ ਵਾਧੇ ਅਤੇ ਵਿਆਹਾਂ ਅਤੇ ਹੋਰ ਸਮਾਗਮਾਂ ‘ਚ ਜਸ਼ਨ ਮਨਾਉਣ ਲਈ ਕੀਤੀ ਜਾਣ ਵਾਲੀ ਗੋਲੀਬਾਰੀ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਪੰਜਾਬ ਪੁਲਿਸ ਚਿੰਤਾ ‘ਚ ਹੈ, ਜਿਸ ਕਾਰਨ ਪੰਜਾਬ ਪੁਲਿਸ ਵਲੋਂ ਸੂਬਾ ਸਰਕਾਰ ਨੂੰ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਪੰਜਾਬ ‘ਚ ਕਰੀਬ 3.46 ਲੱਖ ਹਥਿਆਰ ਲਾਇਸੈਂਸ ਹਨ, ਜੋ ਕਿ ਪੰਜਾਬ ਨੂੰ ਭਾਰਤ ‘ਚ ਆਬਾਦੀ ਦੇ ਮੁਕਾਬਲੇ ਲਾਇਸੈਂਸੀ ਹਥਿਆਰ ਰੱਖਣ ਵਾਲਿਆਂ ‘ਚੋਂ ਸਭ ਤੋਂ ਵੱਧ ਗਿਣਤੀ ਵਾਲਾ ਸੂਬਾ ਬਣਾਉਂਦਾ ਹੈ।

ਪੁਲਿਸ ਦੇ ਮੁਤਾਬਕ ਇਹ ਅੰਕੜਾ ਦੇਸ਼ ਦੀ ਆਬਾਦੀ ਦਾ ਦੋ ਫ਼ੀਸਦੀ ਬਣਦਾ ਹੈ, ਜਿੱਥੇ ਮੁਲਕ ਦੇ ਕਰੀਬ 10 ਫ਼ੀਸਦੀ ਲਾਇਸੈਂਸ ਹਥਿਆਰ ਹਨ। ਇਹ ਵੀ ਦੱਸਣਯੋਗ ਹੈ ਕਿ ਸੂਬੇ ‘ਚ 2021 ਦੌਰਾਨ ਮੋਹਾਲੀ ‘ਚ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਅਤੇ 2022 ‘ਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਣੇ ਕਈ ਹਾਈ ਪ੍ਰੋਫਾਈਲ ਗੋਲੀਬਾਰੀ ਦੀਆਂ ਘਟਨਾਵਾਂ ਨੇ ਗੰਨ ਕਲਚਰ ਨੂੰ ਸੁਰਖੀਆਂ ‘ਚ ਲਿਆਂਦਾ ਸੀ।

ਹਾਲਾਂਕਿ ਪੰਜਾਬ ‘ਚ ਗੰਨ ਹਾਊਸ ਮਾਲਕਾਂ ਨੇ ਪੁਲਿਸ ਦੀ ਇਸ ਕਾਰਵਾਈ ਕਾਰਨ ਕਾਰੋਬਾਰ ‘ਚ ਨੁਕਸਾਨ ਦੀ ਸ਼ਿਕਾਇਤ ਕੀਤੀ ਹੈ। ਗੰਨ ਹਾਊਸ ਮਾਲਕਾਂ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਹਥਿਆਰਾਂ ਦੇ ਮੁਕਾਬਲੇ ਲਾਇਸੈਂਸਸ਼ੁਦਾ ਹਥਿਆਰ ਅਪਰਾਧਾਂ ‘ਚ ਘੱਟ ਹੀ ਸ਼ਾਮਲ ਹੁੰਦੇ ਹਨ।