‘ਦ ਖ਼ਾਲਸ ਬਿਊਰੋ (ਹਰਸ਼ਰਨ ਕੌਰ) : ਲੰਪੀ ਸਕਿਨ ਬਿਮਾਰੀ ਕਾਰਨ ਪੰਜਾਬ ਵਿੱਚ 200 ਕਰੋੜ ਰੁਪਏ ਦੇ ਪਸ਼ੂ ਧਨ ਦਾ ਨੁਕਸਾਨ ਹੋ ਚੁੱਕਾ ਹੈ। ਗਰੀਬ ਪਸ਼ੂ ਪਾਲਕਾਂ ਲਈ ਅਜਿਹੀ ਵਿੱਤੀ ਸੱਟ ਝੱਲਣਾ ਬਹੁਤ ਔਖਾ ਹੈ। ਪਸ਼ੂ ਪਾਲਕ ਨੁਕਸਾਨੇ ਪਸ਼ੂਆਂ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਪਰ ਹਾਲੇ ਤੱਕ ਪੰਜਾਬ ਸਰਕਾਰ ਨੇ ਇੱਕ ਵਾਰੀ ਵੀ ਇਸ ਮੰਗ ਉੱਤੇ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਇੱਕ ਗੈਰ ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਕਰੀਬ 500 ਕਰੋੜ ਦੇ ਪਸ਼ੂ ਧਨ ਦਾ ਨੁਕਸਾਨ ਹੋਇਆ ਹੈ। ਜਦਕਿ ਸਰਕਾਰੀ ਅੰਕੜੇ 200 ਕਰੋੜ ਦਾ ਨੁਕਸਾਨ ਦੱਸਦੇ ਹਨ। ਤੱਥ ਬੋਲਦੇ ਹਨ ਕਿ ਪੰਜਾਬ ਵਿੱਚ ਕੁੱਲ ਕਰੀਬ 25 ਲੱਖ 31 ਹਜ਼ਾਰ ਗਾਵਾਂ ਅਤੇ 40 ਲੱਖ 15 ਹਜ਼ਾਰ ਮੱਝਾਂ ਹਨ। ਹੁਣ ਤੱਕ 16 ਹਜ਼ਾਰ 997 ਪਸ਼ੂਆਂ ਦੀ ਲੰਪੀ ਸਕਿੱਨ ਕਾਰਨ ਮੌਤ ਹੋ ਚੁੱਕੀ ਹੈ ਅਤੇ ਜ਼ਿਆਦਾਤਾਰ ਮੌਤਾਂ ਗਾਵਾਂ ਦੀਆਂ ਹੋਈਆਂ ਹਨ।
ਔਸਤਨ ਨੁਕਸਾਨ ਮੁਤਾਬਕ ਇੱਕ ਗਾਂ ਦੇ ਮਰਨ ਨਾਲ ਇੱਕ ਪਸ਼ੂ ਪਾਲਕ ਦਾ 45 ਤੋਂ 50 ਹਜ਼ਾਰ ਰੁਪਏ ਤੱਕ ਦਾ ਨੁਕਸਾਨ ਹੋਇਆ ਹੈ। ਸੂਬੇ ਵਿੱਚ ਹੁਣ ਤੱਕ ਇਸ ਬਿਮਾਰੀ ਨਾਲ 1 ਲੱਖ 72 ਹਜ਼ਾਰ 644 ਪਸ਼ੂ ਪੀੜਤ ਹੋਏ ਹਨ ਅਤੇ ਪ੍ਰਤੀ ਪਸ਼ੂ 5 ਤੋਂ 10 ਹਜ਼ਾਰ ਰੁਪਏ ਇਲਾਜ ਦਾ ਖਰਚਾ ਆਇਆ ਹੈ।
ਪਸ਼ੂ ਪਾਲਕ ਦਾਅਵਾ ਕਰਦੇ ਹਨ ਕਿ ਸਰਕਾਰ ਨੇ ਅਸਲ ਅੰਕੜੇ ਲੁਕੋਏ ਹਨ। ਇਕੱਲੇ ਬਠਿੰਡਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 2 ਹਜ਼ਾਰ 335 ਪਸ਼ੂਆਂ ਦੀ ਇਸ ਬਿਮਾਰੀ ਕਾਰਨ ਮੌਤ ਹੋਈ ਹੈ। ਹਾਲਾਂਕਿ, ਪੰਜਾਬ ਦਾ ਕੋਈ ਵੀ ਜ਼ਿਲ੍ਹਾ ਇਸ ਬਿਮਾਰੀ ਤੋਂ ਬਚ ਨਹੀਂ ਸਕਿਆ। ਕਿਸਾਨ ਜਥੇਬੰਦੀਆਂ ਵੀ ਲਗਾਤਾਰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਮੁਆਵਜ਼ੇ ਦੀ ਮੰਗ ਕੀਤੀ ਹੈ ਪਰ ਹਾਲੇ ਤੱਕ ਪੰਜਾਬ ਸਰਕਾਰ ਨੇ ਕੋਈ ਹੱਥ ਪੱਲਾ ਪਸ਼ੂ ਪਾਲਕਾਂ ਨੂੰ ਨਹੀਂ ਫੜਾਇਆ।