Punjab

ਮਨੋਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾ ਕਰਨ ਵਾਲੇ ਗ੍ਰਿਫਤਾਰ – ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਬੀਤੀ ਰਾਤ ਅੱਤਵਾਦੀ ਹਮਲਾ ਹੋਇਆ। ਈ-ਰਿਕਸ਼ਾ ਵਿੱਚ ਆਏ ਕੁਝ ਲੋਕਾਂ ਨੇ ਉਸਦੇ ਘਰ ਵਿੱਚ ਗ੍ਰਨੇਡ ਸੁੱਟਿਆ, ਜਿਸ ਨਾਲ ਇੱਕ ਜ਼ੋਰਦਾਰ ਧਮਾਕਾ ਹੋਇਆ। ਹਮਲੇ ਸਮੇਂ ਸਾਬਕਾ ਮੰਤਰੀ ਆਪਣੇ ਘਰ ਵਿੱਚ ਸੌਂ ਰਹੇ ਸਨ। ਉਸਦੇ ਨਾਲ ਘਰ ਵਿੱਚ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।

ਜਲੰਧਰ ਪੁਲਿਸ ਨੇ 12 ਘੰਟਿਆਂ ਦੇ ਅੰਦਰ ਗ੍ਰਨੇਡ ਹਮਲੇ ਦੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਈ-ਰਿਕਸ਼ਾ ਵੀ ਬਰਾਮਦ ਕਰ ਲਿਆ ਹੈ। ਪੁਲਿਸ ਸੂਤਰਾਂ ਅਨੁਸਾਰ ਇਸ ਹਮਲੇ ਦਾ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਹੈ, ਜੋ ਗੈਂਗਸਟਰ ਲਾਰੈਂਸ ਲਈ ਕੰਮ ਕਰਦਾ ਹੈ।

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਲੰਘੀ ਦੇਰ ਰਾਤ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ੁਕਲਾ ਨੇ ਕਿਹਾ ਕਿ ਅਸੀਂ ਕਰੀਬ 12 ਘੰਟਿਆਂ ਦੇ ਵਿੱਚ ਹੀ ਕੇਸ ਨੂੰ ਟਰੇਸ ਕਰਕੇ ਸਾਬਕਾ ਮੰਤਰੀ ਦੇ ਘਰ ਤੇ ਹੈਂਡ ਗ੍ਰਨੇਡ ਹਮਲਾ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਪੰਜਾਬ ਦੀ ਸ਼ਾਂਤੀ ਨੂੰ ਵਿਗਾੜਨ ਲਈ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਮਲਾ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੇ ਕੀਤਾ ਸੀ। ਪਾਕਿਸਤਾਨ ਵਿੱਚ ਬੈਠੇ ਡੌਨ ਸ਼ਹਿਜ਼ਾਦ ਭੱਟੀ, ਜ਼ੀਸ਼ਾਨ ਅਖਤਰ ਅਤੇ ਲਾਰੈਂਸ ਗੈਂਗ ਦੀ ਕੜੀ ਸਾਹਮਣੇ ਆ ਗਈ ਹੈ। ਪੰਜਾਬ ਪੁਲਿਸ ਦੀਆਂ ਟੀਮਾਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਇਸ ਮਾਮਲੇ ਦੀ ਜਾਂਚ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਤਾਂ ਜੋ ਅਸੀਂ ਇਨਪੁਟ ਪ੍ਰਾਪਤ ਕਰ ਸਕੀਏ।

ਡੀਜੀਪੀ ਸ਼ੁਕਲਾ ਨੇ ਕਿਹਾ ਕਿ ਮਾਮਲੇ ਦੇ ਤਕਨੀਕੀ ਪਹਿਲੂਆਂ ਦੀ ਜਾਂਚ ਕੀਤੀ ਗਈ ਹੈ। ਮੁੱਢਲੀ ਜਾਂਚ ਅਤੇ ਗ੍ਰਿਫ਼ਤਾਰੀਆਂ ਤੋਂ ਬਾਅਦ, ਤਿੰਨਾਂ ਮੁਲਜ਼ਮਾਂ ਦੇ ਨਾਮ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀਆਂ ਟੀਮਾਂ ਇਸ ਮਾਮਲੇ ਵਿੱਚ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਕੰਮ ਕਰ ਰਹੀਆਂ ਹਨ। ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਝ ਹੋਰ ਜਾਣਕਾਰੀਆਂ ਹਨ ਜਿਨ੍ਹਾਂ ਦੇ ਆਧਾਰ ‘ਤੇ ਹੋਰ ਛਾਪੇਮਾਰੀ ਕੀਤੀ ਜਾ ਰਹੀ ਹੈ।