Punjab

ਬਠਿੰਡਾ ਦੇ ਇਸ ਪਿੰਡ ਨੇ ਪਰਵਾਸੀਆਂ ‘ਤੇ ਲਗਾਈਆਂ 5 ਸ਼ਰਤਾਂ

ਬਠਿੰਡਾ ਦੇ ਪਿੰਡ ਗਹਿਰੀ ਭਾਗੀ ਦੀ ਪੰਚਾਇਤ ਨੇ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਸਖ਼ਤ ਫ਼ੈਸਲੇ ਲਏ ਹਨ, ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਐਲਾਨ ਕਰਕੇ ਲਾਗੂ ਕੀਤਾ ਗਿਆ। ਪੰਜ ਸ਼ਰਤਾਂ ਅਨੁਸਾਰ, ਪਹਿਲੀ ਸ਼ਰਤ ਹੈ ਕਿ ਪਰਵਾਸੀ ਮਜ਼ਦੂਰ ਪਿੰਡ ਵਿੱਚ ਜ਼ਮੀਨ ਜਾਂ ਘਰ ਨਹੀਂ ਖ਼ਰੀਦ ਸਕਦੇ। ਦੂਜੀ, ਉਨ੍ਹਾਂ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਬਣਾਉਣ ‘ਤੇ ਪਾਬੰਦੀ ਹੈ। ਤੀਜੀ, ਪਰਵਾਸੀ ਸਿਰਫ਼ ਖੇਤਾਂ ਦੀ ਮੋਟਰ ‘ਤੇ ਹੀ ਰਹਿ ਸਕਣਗੇ।

ਚੌਥੀ, ਜਿਸ ਕਿਸਾਨ ਦੇ ਖੇਤ ਵਿੱਚ ਮਜ਼ਦੂਰ ਕੰਮ ਕਰੇਗਾ, ਉਸ ਦੀ ਪੂਰੀ ਜ਼ਿੰਮੇਵਾਰੀ ਕਿਸਾਨ ਦੀ ਹੋਵੇਗੀ। ਪੰਜਵੀਂ, ਹਰ ਪਰਵਾਸੀ ਮਜ਼ਦੂਰ ਦੀ ਪੁਲਸ ਵੈਰੀਫਿਕੇਸ਼ਨ ਜ਼ਰੂਰੀ ਹੈ। ਪਿੰਡ ਵਾਸੀ ਜਗਸੀਰ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਰਵਾਸੀ ਮਜ਼ਦੂਰਾਂ ਵੱਲੋਂ ਹੋਈਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਗੁੱਸਾ ਹੈ।

ਸਰਪੰਚ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਪਰਵਾਸੀ ਮਜ਼ਦੂਰ ਪਿੰਡ ਵਿੱਚ ਸੈਟਲ ਨਹੀਂ ਹੋ ਸਕਣਗੇ ਅਤੇ ਨਾ ਹੀ ਜਗ੍ਹਾ ਖ਼ਰੀਦ ਸਕਣਗੇ। ਇਸ ਫ਼ੈਸਲੇ ਨੂੰ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਜਸਵੀਰ ਸਿੰਘ ਨੇ ਸਮਰਥਨ ਦਿੱਤਾ, ਜਿਨ੍ਹਾਂ ਦਾ ਕਹਿਣਾ ਹੈ ਕਿ ਯੂ.ਪੀ. ਅਤੇ ਬਿਹਾਰ ਤੋਂ ਆਏ ਮਜ਼ਦੂਰ ਪਿੰਡਾਂ ਦਾ ਮਾਹੌਲ ਖ਼ਰਾਬ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਫ਼ੈਸਲਾ ਪੰਚਾਇਤ ਨੇ ਸਰਬਸੰਮਤੀ ਨਾਲ ਲਾਗੂ ਕਰ ਦਿੱਤਾ ਹੈ।