‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਉੱਚ ਕੋਟੀ ਦੇ ਵਿੱਦਿਅਕ ਅਦਾਰਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਉਚੇਰੀ ਸਿੱਖਿਆ ਦਾ ਵਿਸ਼ਵ ਪੱਧਰ ’ਤੇ ਮੁਲਾਂਕਣ ਕਰਨ ਵਾਲੀ ਏਜੰਸੀ ‘ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ’ ਨੇ 2020-21 ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਸਿਖਰਲੀਆਂ ਨੌਂ ਫੀਸਦੀ ਯੂਨੀਵਰਸਿਟੀਆਂ ਵਿੱਚ ਸ਼ਾਮਲ ਕੀਤਾ ਹੈ। ਇਸ ਏਜੰਸੀ ਨੇ ਕੌਮੀ ਪੱਧਰ ਦੇ ਲਗਭਗ 7 ਮਾਪਦੰਡਾਂ ’ਤੇ ਖਰੀਆਂ ਉੱਤਰਨ ਵਾਲੀਆਂ ਵਿਸ਼ਵ ਦੀਆਂ 20 ਹਜ਼ਾਰ ਯੂਨੀਵਸਿਟੀਆਂ ਦਾ ਮੁਲਾਂਕਣ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਭਾਰਤ ਦੀਆਂ ਪਹਿਲੀ ਕਤਾਰ ਦੀਆਂ 10 ਸਟੇਟ ਪਬਲਿਕ ਯੂਨੀਵਰਸਿਟੀਆਂ ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਯੂਨੀਵਰਸਿਟੀ ਨੂੰ ਰਾਸ਼ਟਰੀ ਮੁਲਾਂਕਣ ਅਤੇ ਐਕਰੀਡੇਸ਼ਨ ਕੌਂਸਲ ਵੱਲੋਂ ‘ਏ’ ਗ੍ਰੇਡ ਸਮੇਤ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ‘ਪੋਟੈਂਸ਼ੀਅਲ ਫਾਰ ਐਕਸੀਲੈਂਸ’ ਅਤੇ ‘ਸ਼੍ਰੇਣੀ-1 ਯੂਨੀਵਰਸਿਟੀ’ ਦਾ ਦਰਜਾ ਮਿਲ ਚੁੱਕਾ ਹੈ।