‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਵੱਲੋਂ ਭੇਜੇ ਗਏ ਵੈਂਟੀਲੇਟਰਾਂ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੰਜਾਬ ਵਿੱਚ ਭੇਜੇ ਗਏ ਸਾਰੇ ਵੈਂਟੀਲੇਟਰਾਂ ਦਾ ਇਸਤੇਮਾਲ ਨਾ ਕਰਨ ਦੇ ਮੰਗੇ ਗਏ ਜਵਾਬ ਦਾ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨੇ ਵੱਡਾ ਇਲਜ਼ਾਮ ਲਾਉਂਦਿਆਂ ਕੇਂਦਰ ਸਰਕਾਰ ਨੂੰ ਜਵਾਬ ਦਿੰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਪੀਐੱਮ ਕੇਅਰ ਫੰਡ ਯੋਜਨਾ ਤਹਿਤ ਭੇਜੇ ਗਏ ਵੈਂਟੀਲੇਟਰ ਕੰਮ ਨਹੀਂ ਕਰਦੇ।
ਉਨ੍ਹਾਂ ਕਿਹਾ ਕਿ ਫਰੀਦਕੋਟ ਯੂਨੀਵਰਸਿਟੀ ਨੂੰ 82 ਵੈਂਟੀਲੇਟਰ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 62 ਵੈਂਟੀਲੇਟਰ ਖਰਾਬ ਹੋ ਚੁੱਕੇ ਹਨ ਜਾਂ ਫਿਰ ਉਹ ਚੱਲ ਨਹੀਂ ਰਹੇ ਹਨ। ਅੱਜ ਸਾਡੇ ਕੋਲ ਕੰਮ ਕਰਨ ਦੀ ਸਥਿਤੀ ਵਿੱਚ ਸਿਰਫ 42 ਵੈਂਟੀਲੇਟਰ ਹਨ। ਉਨ੍ਹਾਂ ਵਿੱਚੋਂ ਸਿਰਫ 20 ਵੈਂਟੀਲੇਟਰ ਹੀ ਇਸ ਸਮੇਂ ਕੰਮ ਕਰ ਰਹੇ ਹਨ। ਜਾਣਕਾਰੀ ਮੁਤਾਬਕ ਵਾਈਸ ਚਾਂਸਲਰ ਦੇ ਇਸ ਦੋਸ਼ ਤੋਂ ਬਾਅਦ ਕੇਂਦਰ ਸਰਕਾਰ ਨੇ 10 ਨਵੇਂ ਵੈਂਟੀਲੇਟਰ ਦੇਣ ਦਾ ਭਰੋਸਾ ਦਿੱਤਾ ਹੈ।
ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਪੰਜਾਬ ਵਿੱਚ ਭੇਜੇ ਗਏ ਵੈਂਟੀਲੇਟਰਾਂ ਦੇ ਇਸਤੇਮਾਲ ਨਾ ਕਰਨ ‘ਤੇ ਜਵਾਬ ਮੰਗਿਆ ਹੈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਭੇਜੇ ਗਏ ਸਾਰੇ ਵੈਂਟੀਲੇਟਰ ਇਸਤੇਮਾਲ ਕਿਉਂ ਨਹੀਂ ਹੋ ਰਹੇ। ਕੇਂਦਰ ਸਰਕਾਰ ਨੇ ਪੰਜਾਬ ਵਿੱਚ ਕੁੱਲ 809 ਵੈਂਟੀਲੇਟਰ ਭੇਜੇ ਹਨ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਰਫ 558 ਵੈਂਟੀਲੇਟਰ ਹੀ ਇਸਤੇਮਾਲ ਕੀਤੇ ਜਾ ਰਹੇ ਹਨ, ਬਾਕੀ 251 ਵੈਂਟੀਲੇਟਰਾਂ ਦੀ ਬਰਬਾਦੀ ਕਿਉਂ ਕੀਤੀ ਜਾ ਰਹੀ ਹੈ।