The Khalas Tv Blog Sports ਪੰਜਾਬ ਦਾ ਖਿਡਾਰੀ ਬਣੇਗਾ ਅਮਰੀਕਾ ਦੀ NBA ਦਾ ਹਿੱਸਾ, ਕੈਪਟਨ ਨੇ ਟਵੀਟ ਕਰ ਦਿੱਤੀ ਵਧਾਈ
Sports

ਪੰਜਾਬ ਦਾ ਖਿਡਾਰੀ ਬਣੇਗਾ ਅਮਰੀਕਾ ਦੀ NBA ਦਾ ਹਿੱਸਾ, ਕੈਪਟਨ ਨੇ ਟਵੀਟ ਕਰ ਦਿੱਤੀ ਵਧਾਈ

‘ਦ ਖ਼ਾਲਸ ਬਿਊਰੋ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਪੰਜਾਬ ਦੇ ਡੇਰਾ ਬਾਬਾ ਨਾਨਕ ਦੇ ਨੌਜਵਾਨ ਪ੍ਰਿੰਸਪਾਲ ਸਿੰਘ ਨੂੰ ਐੱਨਬੀਏ ਅਕਾਦਮੀ ਦੇ ਪਹਿਲੇ ਬਾਸਕਟਬਾਲ ਖਿਡਾਰੀ ਨੂੰ ਐੱਨਬੀਏ ‘ਜੀ’ ਲੀਗ ਦੇ ਅਗਲੇ ਸੀਜ਼ਨ ਵਿਚ ਖੇਡਣ ਲਈ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਪ੍ਰਿੰਸਪਾਲ ਸਿੰਘ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਤੇ ਆਪਣੇ ਦੇਸ਼ ਦਾ ਨਾਮ ਚਮਕਾਉਣ ਦਾ ਭਰੋਸਾ ਜਤਾਇਆ ਹੈ।

ਪ੍ਰਿੰਸਪਾਲ ਨਵੀਂ ‘ਜੀ’ ਲੀਗ ਟੀਮ ਵਿੱਚ ਦੁਨੀਆ ਭਰ ਦੇ ਬਿਹਤਰੀਨ ਨੌਜਵਾਨ ਖਿਡਾਰੀਆਂ ਨਾਲ ਸਿਖ਼ਲਾਈ ਲੈਣਗੇ। ਉਹ ਪਹਿਲੇ ਐੱਨਬੀਏ ਅਕਾਦਮੀ ਗ੍ਰੈਜੂਏਟ ਹਨ ਜਿਨ੍ਹਾਂ ‘ਜੀ’ ਲੀਗ ਨਾਲ ਕੰਟਰੈਕਟ ਕੀਤਾ ਹੈ। ਐੱਨਬੀਏ ਅਕੈਡਮੀ ਇੰਡੀਆ ਦੇ ਵੀ ਉਹ ਪਹਿਲੇ ਗ੍ਰੈਜੂਏਟ ਹਨ ਜਿਸ ਨੂੰ ਪੇਸ਼ੇਵਰ ਕੰਟਰੈਕਟ ਮਿਲਿਆ ਹੈ। ਪ੍ਰਿੰਸਪਾਲ ਨੇ ਲੁਧਿਆਣਾ ਬਾਸਕਟਬਾਲ ਅਕਾਦਮੀ ਵਿੱਚ ਖੇਡਣਾ ਸ਼ੁਰੂ ਕੀਤਾ ਸੀ ਤੇ 2017 ਵਿੱਚ ਐਨਬੀਏ ਅਕਾਦਮੀ ਇੰਡੀਆ ’ਚ ਦਾਖ਼ਲਾ ਹਾਸਲ ਕੀਤਾ ਸੀ। ਦਿੱਲੀ-ਐੱਨਸੀਆਰ ਸਥਿਤ ਇਹ ਅਕਾਦਮੀ ਪੂਰੇ ਭਾਰਤ ਵਿੱਚੋਂ ਸਭ ਤੋਂ ਵਧੀਆ ਬਾਸਕਟਬਾਲ ਖਿਡਾਰੀਆਂ ਦੀ ਚੋਣ ਕਰਦੀ ਹੈ।

ਪ੍ਰਿੰਸਪਾਲ ਸਿੰਘ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਚਲਾਈ ਜਾਂਦੀ ਲੁਧਿਆਣਾ ਬਾਸਕਟਬਾਲ ਐਸਸੀਏਸ਼ਨ ਤੋਂ ਸਿਖ਼ਲਾਈ ਲੈ ਚੁੱਕਾ ਹੈ। ਪਹਿਲਾਂ ਵੀ ਅਕਾਦਮੀ ਦੇ ਤਿੰਨ ਖਿਡਾਰੀ ਸਤਨਾਮ ਸਿੰਘ, ਪਾਲਪ੍ਰੀਤ ਸਿੰਘ ਅਤੇ ਅਮਜਯੋਤ ਸਿੰਘ ਐੱਨਬੀਏ ਦੀਆਂ ਵੱਖ-ਵੱਖ ਲੀਗਾਂ ਵਿੱਚ ਚੁਣੇ ਜਾ ਚੁੱਕੇ ਹਨ। ਛੇ ਫੁੱਟ 10 ਇੰਚ ਲੰਮਾ ਪ੍ਰਿੰਸਪਾਲ ਕਈ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕਾ ਹੈ। ਉਹ ਪੁਰਸ਼ਾਂ ਦੀ ਸੀਨੀਅਰ ਭਾਰਤੀ ਟੀਮ ਵੱਲੋਂ ਵੀ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕਰ ਚੁੱਕਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਆਰਐੱਸ ਗਿੱਲ, ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਤੇ ਹੋਰਨਾਂ ਨੇ ਵੀ ਇਸ ਖਿਡਾਰੀ ਨੂੰ ਵਧਾਈ ਦਿੱਤੀ ਹੈ।

Exit mobile version