Punjab

ਸ਼੍ਰੋਮਣੀ ਅਕਾਲੀ ਦਲ ਦੇ ਇਸ ਆਗੂ ਨੇ ਚੁੱਕੀ ਅੰਮ੍ਰਿਤਪਾਲ ਦੀ ਰਿਹਾਈ ਦੀ ਮੰਗ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈੱਸ਼ ਬਿਆਨ ਜਾਰੀ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਦੀ ਤੁਰੰਤ ਰਿਹਾਈ ਦੀ ਮੰਗ ਉਠਾਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਉੱਤੇ ਲਗਾਏ ਐਨਐਸਏ (ਕੌਮੀ ਸੁਰੱਖਿਆ ਐਕਟ) ਨੂੰ ਖ਼ਤਮ ਕਰਕੇ ਰਿਹਾਅ ਕੀਤਾ ਜਾਵੇ। ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਨੂੰ ਖਡੂਰ ਸਾਹਿਬ ਦੇ ਲੋਕਾਂ ਦੁਆਰਾ ਦਿੱਤੇ ਫ਼ਤਵੇ ਦੀ ਕਦਰ ਨੂੰ ਮੁੱਖ ਰੱਖਦਿਆਂ ਭਾਈ ਅੰਮ੍ਰਿਤਪਾਲ ਦੀ ਰਿਹਾਈ ਯਕੀਨੀ ਬਣਾਈ ਜਾਵੇ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ’ਤੇ ਲਗਾਇਆ ਐਨਐਸਏ ਵਾਪਿਸ ਨਹੀਂ ਲਿਆ ਜਾਂਦਾ ਤਾਂ ਸਰੋਮਣੀ ਅਕਾਲੀ ਦਲ ਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੋਂ ਉਨ੍ਹਾਂ ਦੀ ਰਿਹਾਈ ਲਈ ਮੁਹਿੰਮ ਵਿੱਢੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸਾਂ ਹੀ ਲੋਕ ਕਦਰਾਂ-ਕੀਮਤਾਂ ਅਤੇ ਮਨੁੱਖੀ ਹੱਕਾਂ ਪ੍ਰਤੀ ਆਪਣੀ ਆਵਾਜ ਬੁਲੰਦ ਕੀਤੀ ਹੈ ਅਤੇ ਅੰਮ੍ਰਿਤਪਾਲ ਦੀ ਗਿ੍ਰਫਤਾਰੀ ਵੀ ਮਨੁੱਖੀ ਹੱਕਾਂ ਦਾ ਘਾਣ ਹੈ। ਉਨ੍ਹਾਂ ਆਖਿਆ ਕਿ ਲੋਕਤੰਤਰ ਵਿਧੀ ਦੁਆਰਾ ਚੁਣੇ ਗਏ ਲੋਕਾਂ ਦੇ ਨੁਮਾਇੰਦੇ ਨੂੰ ਇਸ ਤਰ੍ਹਾਂ ਜੇਲ ਵਿਚ ਨਜ਼ਰਬੰਦ ਕਰ ਕੇ ਰੱਖਣਾ ਜਮਹੂਰੀਅਤ ਦਾ ਘਾਣ ਹੈ।

ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਅੰਮ੍ਰਿਤਪਾਲ ਦੀ ਰਿਹਾਈ ਖਾਤਰ ਦੇਸ ਦੇ ਗ੍ਰਹਿ ਮੰਤਰੀ ਨੂੰ ਵੀ ਮਿਲੇਗਾ।  ਜ਼ਿਕਰਯੋਗ ਹੈ ਕਿ ਅਕਾਲੀ ਦਲ ਨੇ ਅੰਮ੍ਰਿਤਪਾਲ ਵਿਰੁਧ ਖਡੂਰ ਸਾਹਿਬ ’ਚ ਧੂਆਂਧਾਰ ਪ੍ਰਚਾਰ ਕਰ ਕੇ ਚੋਣ ਲੜੀ ਸੀ ਪਰੰਤੂ ਚੰਦੂਮਾਜਰਾ ਨੇ ਪਾਰਟੀ ’ਚ ਬਦਲਾਅ ਦੀ ਮੰਗ ਕਰ ਰਹੇ ਆਗੂਆਂ ਦੇ ਤਿਆਰ ਕੀਤੇ ਜਾ ਰਹੇ ਏਜੰਡੇ ਤਹਿਤ ਅੰਮ੍ਰਿਤਪਾਲ ਦੀ ਰਿਹਾਈ ਬਾਰੇ ਬਿਆਨ ਦਿਤਾ ਹੈ ਜਦਕਿ ਅਕਾਲੀ ਦਲ ਵਲੋਂ ਹਾਲੇ ਇਸ ਸਬੰਧੀ ਕੋਈ ਲਿਖਤੀ ਬਿਆਨ ਨਹੀਂ ਦਿਤਾ ਗਿਆ ਹੈ।

ਇਹ ਵੀ ਪੜ੍ਹੋ – ਲੁਧਿਆਣਾ ‘ਚ ਸੇਵਾਮੁਕਤ ਡੀਐੱਸਪੀ ਨੇ ਖੁਦ ਨੂੰ ਮਾਰੀ ਗੋਲੀ