Punjab

ਇਸ ਕਿਸਾਨ ਆਗੂ ਨੇ ਕੀਤੀ ਸਰਕਾਰ ਕੋਲੋਂ ਮੰਡੀਆਂ ‘ਚ ਆ ਰਹੀਆਂ ਮੁਸ਼ਕਿਲਾਂ ਹਲ ਕਰਨ ਦੀ ਮੰਗ

ਅੰਮ੍ਰਿਤਸਰ : ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਪਹੁੰਚਣੀ ਸ਼ੁਰੂ ਹੋ ਗਈ ਹੈ।ਪਿਛਲੇ ਦਿਨੀਂ ਹੋਈਆਂ ਬਰਸਾਤਾਂ ਕਾਰਨ ਭਾਵੇਂ ਕਣਕ ਦਾ ਝਾੜ ਘਟਣ ਦਾ ਅੰਦੇਸ਼ਾ ਸੀ ਪਰ ਹੁਣ ਜੋ ਕਣਕ ਮੰਡੀਆਂ ਵਿੱਚ ਆ ਰਹੀ ਹੈ,ਉਸ ਦੀ ਗੁਣਵਤਾ ਤੇ ਕੋਈ ਖਾਸ ਫਰਕ ਨਹੀਂ ਪਿਆ ਹੈ,ਕਣਕ ਦਾ ਰੰਗ ਵੀ ਸਹੀ ਹੈ ਤੇ ਟੋਟਾ ਵੀ ਬਹੁਤ ਘੱਟ ਹੈ,ਇਸ ਲਈ ਸਰਕਾਰ ਨੂੰ ਆਪਣਾ ਵੈਲਿਉ ਕੱਟ ਲਾਉਣ ਦਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਇਹ ਜਾਣਕਾਰੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇੱਕ ਵੀਡੀਓ ਵਿੱਚ ਦਿੱਤੀ ਹੈ।

ਉਹਨਾਂ ਇਕ ਸਥਾਨਕ ਮੰਡੀ ਭਗਤਾਂ ਵਾਲੀ ਵਿੱਚ ਚੱਲ ਰਹੀ ਬਾਰਦਾਨੇ ਦੀ ਕਮੀ ਨੂੰ ਵੀ ਜ਼ਾਹਿਰ ਕੀਤਾ ਹੈ ਤੇ ਦਾਅਵਾ ਕੀਤਾ ਹੈ ਕਿ ਕਿਸਾਨ ਮੰਡੀਆਂ ਵਿੱਚ ਕਣਕ ਲੈ ਕੇ ਆ ਰਹੇ ਹਨ ਪਰ ਇਸ ਵੇਲੇ ਜਰੂਰਤ ਦਾ ਸਿਰਫ 10 ਫੀਸਦੀ ਬਾਰਦਾਨਾ ਹੀ ਉਪਲਬੱਧ ਹੈ। ਮੰਡੀਆਂ ਵਿੱਚ ਕਣਕ ਲਗਾਤਾਰ ਆ ਰਹੀ ਹੈ ਪਰ ਹਾਲੇ ਤੱਕ ਬਾਰਦਾਨੇ ਦੀ ਮੁਸ਼ਕਲ ਸਰਕਾਰ ਨੇ ਹੱਲ ਨਹੀਂ ਕੀਤੀ ਹੈ। ਕਿਸਾਨ ਆਗੂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਵੇਲੇ ਮੰਡੀਆਂ ਵਿੱਚ ਬਾਰਦਾਨੇ ਤੇ ਹੋਰ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰਾਂ ਦੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ।

ਹਾਲਾਂਕਿ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਸਵਾਲ ਚੁੱਕੇ ਹਨ ਤੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਅਤੇ ਢੁੱਕਵੇਂ ਮੁਆਵਜ਼ੇ ਦਾ ਵਾਅਦਾ ਪੂਰਾ ਕਰਨ ਵਿੱਚ ਇੱਕ ਵਾਰ ਫਿਰ ਨਾਕਾਮ ਰਹੇ ਹਨ।  ਬਹੁਤੇ ਕਿਸਾਨ ਸ਼ਿਕਾਇਤ ਕਰ ਰਹੇ ਹਨ ਕਿ ਕਿਸੇ ਪਟਵਾਰੀ ਜਾਂ ਮਾਲ ਅਧਿਕਾਰੀ ਨੇ ਉਨ੍ਹਾਂ ਦੇ ਪਿੰਡਾਂ ਦਾ ਦੌਰਾ ਨਹੀਂ ਕੀਤਾ ਅਤੇ ਪੂਰੀ ਤਰ੍ਹਾਂ ਵਾਢੀ ਹੋਣ ਦੇ ਬਾਵਜੂਦ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।