ਮੱਧ ਏਸ਼ੀਆਈ ਦੇਸ਼ ਤਜ਼ਾਕਿਸਤਾਨ ਨੇ ਹਾਲ ਹੀ ਵਿੱਚ ਜਾਦੂ-ਟੂਣੇ, ਭਵਿੱਖਬਾਣੀ ਅਤੇ “ਡੈਣਾਂ” ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰਦਿਆਂ ਇਸ ਪ੍ਰਥਾ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਕਰਾਰ ਦੇ ਦਿੱਤਾ ਹੈ। ਰਾਸ਼ਟਰਪਤੀ ਇਮੋਮਾਲੀ ਰਹਿਮੋਨ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜਾਦੂ-ਟੂਣਾ ਅਤੇ ਭਵਿੱਖਬਾਣੀ ਗੈਰ-ਕਾਨੂੰਨੀ ਧਾਰਮਿਕ ਸਿੱਖਿਆ ਅਤੇ ਧੋਖਾਧੜੀ ਨੂੰ ਉਤਸ਼ਾਹਿਤ ਕਰਦੇ ਹਨ।
ਇਸ ਦੇ ਨਾਲ ਹੀ 1,500 ਤੋਂ ਵੱਧ ਲੋਕਾਂ ਨੂੰ ਜਾਦੂ-ਟੂਣੇ ਅਤੇ ਭਵਿੱਖਬਾਣੀ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। 5,000 ਤੋਂ ਵੱਧ ਮੁੱਲਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਪ੍ਰਾਰਥਨਾਵਾਂ ਰਾਹੀਂ ਲੋਕਾਂ ਨੂੰ ਠੀਕ ਕਰਨ ਦਾ ਦਾਅਵਾ ਕਰ ਰਹੇ ਸਨ।
ਵਾਰ-ਵਾਰ ਅਪਰਾਧ ਕਰਨ ਵਾਲੇ ਨੂੰ ਦੋ ਸਾਲ ਤੱਕ ਦੀ ਕੈਦ ਅਤੇ $13,300 ਦਾ ਜੁਰਮਾਨਾ ਹੋ ਸਕਦਾ ਹੈ। ਇਹ ਜੁਰਮਾਨਾ ਇੱਕ ਔਸਤ ਤਾਜਿਕ ਨਾਗਰਿਕ ਦੀ ਛੇ ਸਾਲਾਂ ਦੀ ਤਨਖਾਹ ਦੇ ਬਰਾਬਰ ਹੈ। ਸਰਕਾਰੀ ਕਾਰਵਾਈ ਤੋਂ ਬਾਅਦ, ਜਾਦੂ-ਟੂਣੇ ਕਰਨ ਵਾਲੇ ਅਤੇ ਜੋਤਸ਼ੀ ਹੁਣ ਗੁਪਤ ਢੰਗ ਨਾਲ ਕੰਮ ਕਰ ਰਹੇ ਹਨ।
ਇਹ ਲੋਕ ਮਣਕਿਆਂ ਦੀਆਂ ਮਾਲਾ, ਮੰਤਰਾਂ ਦੇ ਜਾਪ ਅਤੇ ਹੋਰ ਅਭਿਆਸਾਂ ਰਾਹੀਂ ਝਗੜਿਆਂ ਨੂੰ ਸੁਲਝਾਉਣ ਅਤੇ ਭਵਿੱਖਬਾਣੀ ਕਰਨ ਦਾ ਦਾਅਵਾ ਕਰਦੇ ਹਨ। ਤਾਜਿਕਸਤਾਨ ਵਿੱਚ ਜਾਦੂ-ਟੂਣੇ ਪ੍ਰਤੀ ਮੋਹ ਸਿਰਫ਼ ਅੰਧਵਿਸ਼ਵਾਸ ਤੱਕ ਸੀਮਤ ਨਹੀਂ ਹੈ। ਇਹ ਗਰੀਬੀ ਅਤੇ ਸਮਾਜਿਕ ਅਸਮਾਨਤਾ ਨਾਲ ਵੀ ਜੁੜਿਆ ਹੋਇਆ ਹੈ ਕਿਉਂਕਿ ਰਵਾਇਤੀ ਦਵਾਈਆਂ ਮਹਿੰਗੀਆਂ ਨੇ ਜਦਕਿ ਜੋਤਿਸ਼ ਵਰਗੇ ਅੰਧਵਿਸ਼ਵਾਸ ਕਿਫਾਇਤੀ ਮੰਨੇ ਜਾਂਦੇ ਹਨ।