ਚੰਡੀਗੜ੍ਹ :ਪੰਜਾਬ ਦੇ ਇੱਕ ਤਿਹਾਈ ਤੋਂ ਜਿਆਦਾ ਨੌਜਵਾਨ ਨਾ ਤਾਂ ਕੋਈ ਕੰਮਕਾਰ ਕਰ ਰਹੇ ਹਨ ਤੇ ਨਾ ਹੀ ਕੋਈ ਪੜਾਈ ਜਾ ਸਿਖਲਾਈ ਲੈ ਰਹੇ ਹਨ। ਕੇਂਦਰ ਸਰਕਾਰ ਦੀ ਨੈਸ਼ਨਲ ਸੈਂਪਲ ਸਰਵੇ ਆਫਿਸ ਦੀ ਇਸ ਮਹੀਨੇ ਜਾਰੀ ਹੋਈ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ। ਸੰਨ 2020 ਤੇ 2021 ਦੇ ਦੌਰਾਨ ਪੂਰੇ ਦੇਸ਼ ਦੇ ਸੂਬਿਆਂ ਦੇ ਕੁਲ 2.9 ਲੱਖ ਪਰਿਵਾਰਾਂ ਤੇ ਇਹ ਸਰਵੇ ਕੀਤਾ ਗਿਆ ਹੈ। ਹਾਲਾਂਕਿ ਇਸ ਸੂਚੀ ਵਿੱਚ ਪੰਜਾਬ ਤੋਂ ਪਹਿਲਾਂ ਉੱਤਰ ਪ੍ਰਦੇਸ਼ ਤੇ ਬਿਹਾਰ ਦਾ ਨਾਂ ਵੀ ਆਉਂਦਾ ਹੈ ਪਰ ਅੰਕੜਿਆਂ ਵਿੱਚ ਬਹੁਤ ਥੋੜਾ ਫਰਕ ਹੈ ।
ਪੂਰੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇਸ ਰਿਪੋਰਟ ਦੇ ਹਿਸਾਬ ਨਾਲ 15 ਤੋਂ 29 ਸਾਲ ਦੇ 32.9 ਫੀਸਦੀ ਨੌਜਵਾਨ ਨਾ ਤਾਂ ਕੋਈ ਪੜਾਈ ਕਰ ਰਹੇ ਹਨ,ਨਾ ਹੀ ਕੋਈ ਸਿਖਲਾਈ ਲੈ ਰਹੇ ਹਨ ਤੇ ਨਾਂ ਹੀ ਕੋਈ ਕੰਮ ਧੰਦਾ ਕਰ ਰਹੇ ਹਨ। ਖਾਲੀ ਬੈਠੇ ਇਹਨਾਂ ਨੌਜਵਾਨਾਂ ਵਿੱਚੋਂ 20.3 ਫੀਸਦੀ ਤਾਂ ਕੰਮ ਦੀ ਤਲਾਸ਼ ਵੀ ਨਹੀਂ ਕਰ ਰਹੇ ਹਨ।
ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਕੰਪਿਊਟਰ ਦਾ ਗਿਆਨ ਰੱਖਣ ਵਾਲੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚੋਂ 61 ਫੀਸਦੀ ਦੇ ਕਰੀਬ ਤਾਂ ਕੰਪਿਊਟਰ ਤੇ ਮੁਢਲੇ ਕੰਮ ਵੀ ਨਹੀਂ ਕਰ ਸਕਦੇ। ਵੱਖੋ-ਵੱਖ ਸੂਬਿਆਂ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਵਿੱਚ ਇਸ ਉਮਰ ਵਰਗ ਦੇ ਸਿਰਫ਼ 29.5 ਫੀਸਦੀ ਲੋਕਾਂ ਨੂੰ ਹੀ ਕਾਪੀ-ਪੇਸਟ ਕਰਨ ਤੇ ਈਮੇਲ ਭੇਜਣ ਬਾਰੇ ਗਿਆਨ ਹੈ। ਇਸ ਮਾਮਲੇ ਵਿੱਚ ਇਥੇ ਸਭ ਤੋਂ ਮਾੜੇ ਹਾਲਾਤ ਹਨ ਤੇ ਅਸਾਮ ਦਾ ਨੰਬਰ ਆਉਂਦਾ ਹੈ।
ਇਸ ਸਰਵੇਖਣ ਦੇ ਇਹ ਹੈਰਾਨੀਜਨਕ ਖੁਲਾਸੇ ਇੱਕ ਬਹੁਤ ਵੱਡੀ ਸਮੱਸਿਆ ਵੱਲ ਇਸ਼ਾਰਾ ਕਰ ਰਹੇ ਹਨ। ਖਾਲੀ ਬੈਠਾ ਇਹ ਵਰਗ ਆਪਣੀ ਤਾਕਤ ਨੂੰ ਕਿਸੇ ਪਾਸੇ ਤਾਂ ਬਾਹਰ ਕਢੇਗਾ ਹੀ। ਸੋ ਇਸ ਕਾਰਨ ਇਹਨਾਂ ਦੇ ਗਲਤ ਰਾਹ ਪੈਣ ਦਾ ਸੰਭਾਵਨਾ ਵੀ ਵੱਧ ਜਾਂਦੀ ਹੈ।