ਬਿਉਰੋ ਰਿਪੋਰਟ: ਮੁਹਾਲੀ ਸ਼ਹਿਰ ਦੀਆਂ ਸੜਕਾਂ ’ਤੇ ਲੋਕਾਂ ਦੇ ਸਫ਼ਰ ਨੂੰ ਸੁਰੱਖਿਅਤ ਬਣਾਉਣ ਅਤੇ ਅਪਰਾਧਾਂ ਨੂੰ ਨੱਥ ਪਾਉਣ ਲਈ ਪ੍ਰਸ਼ਾਸਨ ਵੱਲੋਂ ਸਿਟੀ ਸਰਵੀਲੈਂਸ ਅਤੇ ਇੰਟੈਲੀਜੈਂਟ ਟਰੈਫਿਕ ਮੈਨੇਜਮੈਂਟ ਸਿਸਟਮ ਲਗਾਇਆ ਜਾ ਰਿਹਾ ਹੈ। ਪਰ ਇਸ ਸਿਸਟਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੋਰਾਂ ਨੇ ਕੈਮਰੇ ਅਤੇ ਬੈਟਰੀਆਂ ਚੋਰੀ ਕਰ ਲਈਆਂ ਸਨ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ’ਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸਪੀ ਸਿਟੀ ਹਰਪਾਲ ਸਿੰਘ ਅਟਵਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕੰਪਨੀ ਦੇ ਮੁਲਾਜ਼ਮਾਂ ਦੀ ਭੂਮਿਕਾ ਸਾਹਮਣੇ ਆਈ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਦਰਅਸਲ ਚੰਡੀਗੜ੍ਹ ਦੀ ਤਰਜ਼ ’ਤੇ ਮੁਹਾਲੀ ਵਿੱਚ ਪੁਲਿਸ ਵੱਲੋਂ ਚੌਕਸੀ ਸਿਸਟਮ ਲਗਾਇਆ ਜਾ ਰਿਹਾ ਹੈ। ਪਰ ਕੰਮ ਵੀ ਪੂਰਾ ਨਹੀਂ ਹੋਇਆ ਸੀ ਜਦੋਂ ਚੋਰਾਂ ਦੀ ਨਜ਼ਰ ਪੈ ਗਈ। 17 ਥਾਵਾਂ ਤੋਂ ਬੈਟਰੀਆਂ ਚੋਰੀ ਕੀਤੀਆਂ ਗਈਆਂ। ਜਦਕਿ ਦੋ ਥਾਵਾਂ ਤੋਂ ਕੈਮਰੇ ਚੋਰੀ ਹੋ ਗਏ। ਇਨ੍ਹਾਂ ਵਿੱਚੋਂ ਪੁਲਿਸ ਨੇ ਹੁਣ ਤੱਕ ਇੱਕ ਸੀਪੀਯੂ ਅਤੇ ਦੋ ਬੈਟਰੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਹੁਣ ਹੋਰ ਬੈਟਰੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।