Punjab

ਡਰਾਈਵਰ ਨੂੰ ਰੁੱਖ ਨਾਲ ਬੰਨ੍ਹ ਕੇ ਪਿਸਤੌਲ ਦੀ ਨੋਕ ’ਤੇ ਭਰਿਆ ਟਰੱਕ ਲੈ ਗਏ ਚੋਰ

ਹਰਿਆਣਾ ਦੇ ਅੰਬਾਲਾ ਵਿੱਚ ਚਾਰ ਬਦਮਾਸ਼ਾਂ ਨੇ ਡਰਾਈਵਰ ਨੂੰ ਦਰੱਖਤ ਨਾਲ ਬੰਨ੍ਹ ਕੇ ਟਰੱਕ ਚੋਰੀ ਕਰ ਲਿਆ। ਟਰੱਕ ਵਿੱਚ ਲਾਹੌਰੀ ਜੀਰੇ ਦੀਆਂ 2200 ਪੇਟੀਆਂ ਸਨ। ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਹਰਿਆਣਾ-ਪੰਜਾਬ ਦੇ ਸੱਦੋਪੁਰ ਸਰਹੱਦ ਨੇੜੇ ਵਾਪਰੀ। ਟਰੱਕ ਚਾਲਕ ਨੇ ਮਾਲਕ ਤੱਕ ਪਹੁੰਚ ਕਰਕੇ ਬਲਦੇਵ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਬਿਹਾਰ ਦੇ ਪਿੰਡ ਖਵੀਨੀ (ਅਰਵਾਲ) ਦੇ ਰਹਿਣ ਵਾਲੇ ਲਲਨ ਪੰਡਿਤ ਨੇ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਦਿੱਲੀ ਵਾਸੀ ਸਤਨਾਮ ਨਾਲ ਗੱਡੀ ਚਲਾ ਰਿਹਾ ਹੈ। ਉਹ ਪੰਜਾਬ ਤੋਂ ਲਾਹੌਰੀ ਜੀਰੇ ਦੀਆਂ 2200 ਪੇਟੀਆਂ ਭਰ ਕੇ 28 ਜੂਨ ਨੂੰ ਸ਼ਾਮ 7 ਵਜੇ ਜਹਾਂਗੀਰਪੁਰੀ, ਦਿੱਲੀ ਲਈ ਰਵਾਨਾ ਹੋਏ। ਉਹ ਰਾਤ 10 ਵਜੇ ਆਪਣੀ ਗੱਡੀ (DL1MA-5500) ਲੈ ਕੇ ਪੰਜਾਬ-ਹਰਿਆਣਾ ਦੀ ਸਰਹੱਦ ਸਾਦੋਪੁਰ ਪਹੁੰਚਿਆ।

ਇੱਥੇ ਕੰਬੋਜ ਫਿਲਿੰਗ ਸਟੇਸ਼ਨ ਕੋਲ ਟਰੱਕ ਦੀ ਲਾਈਨ ਵਿੱਚ ਗੱਡੀ ਖੜ੍ਹੀ ਕਰ ਦਿੱਤੀ ਅਤੇ ਟਾਇਰਾਂ ਵਿੱਚ ਹਵਾ ਦੀ ਜਾਂਚ ਸ਼ੁਰੂ ਕਰ ਦਿੱਤੀ। ਫਿਰ ਚਾਰ ਆਦਮੀ ਆਏ, ਜਿਨ੍ਹਾਂ ਨੇ ਮੂੰਹ ਉੱਤੇ ਕੱਪੜਾ ਬੰਨ੍ਹਿਆ ਹੋਇਆ ਸੀ। ਚਾਰੋਂ ਟਰੱਕ ਦੇ ਕੈਬਿਨ ਵਿੱਚ ਦਾਖ਼ਲ ਹੋਏ, ਜਿਨ੍ਹਾਂ ਵਿਚੋਂ ਇੱਕ ਨੇ ਉਸ ਦੇ ਸਿਰ ਵਿੱਚ ਪਿਸਤੌਲ ਤਾਣ ਕੇ ਕਿਹਾ ਕਿ ਜੇ ਉਸ ਨੇ ਕੋਈ ਰੌਲਾ ਪਾਇਆ ਤਾਂ ਤੈਨੂੰ ਮਾਰ ਦੇਵਾਂਗੇ। ਇੱਕ ਬਦਮਾਸ਼ ਨੇ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ।

ਉਸ ਨੂੰ ਕੈਬਿਨ ਵਿੱਚ ਹੀ ਸੀਟ ’ਤੇ ਬਿਠਾ ਦਿੱਤਾ। ਸ਼ਾਹਬਾਦ ਤੋਂ ਥੋੜ੍ਹਾ ਅੱਗੇ ਜਾ ਕੇ ਜੀ.ਟੀ ਰੋਡ ਵਾਲੇ ਪਾਸੇ ਗੱਡੀ ਖੜ੍ਹੀ ਕਰ ਦਿੱਤੀ। ਇੱਥੇ ਉਸ ਨੂੰ ਸੜਕ ਤੋਂ ਥੋੜ੍ਹੀ ਦੂਰ ਲਿਜਾ ਕੇ ਗਮਛੇ ਨਾਲ ਦਰੱਖਤ ਨਾਲ ਬੰਨ੍ਹ ਦਿੱਤਾ।

ਲੁਟੇਰੇ ਟਰੱਕ ਲੈ ਕੇ ਭੱਜ ਗਏ

ਡਰਾਈਵਰ ਨੇ ਦੱਸਿਆ ਕਿ ਇੱਥੋਂ ਚਾਰੇ ਲੁਟੇਰੇ ਕਾਰ ਲੈ ਕੇ ਫਰਾਰ ਹੋ ਗਏ। ਬੜੀ ਮੁਸ਼ਕਲ ਨਾਲ ਉਸ ਨੇ 2-3 ਘੰਟੇ ਬਾਅਦ ਹੱਥ ਖੋਲ੍ਹੇ ਅਤੇ ਸੜਕ ’ਤੇ ਆ ਕੇ ਕਿਸੇ ਦਾ ਫੋਨ ਲੈ ਕੇ ਆਪਣੇ ਬੌਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਟਰੱਕ ਮਾਲਕ ਸਤਨਾਮ ਸਿੰਘ ਮੌਕੇ ‘ਤੇ ਪਹੁੰਚੇ। ਬਲਦੇਵ ਨਗਰ ਥਾਣਾ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਧਾਰਾ 392 ਅਤੇ 397 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ – ਅੰਮ੍ਰਿਤਪਾਲ ਦੇ ਨਾਂ ਦੀ ਫਰਜ਼ੀ ਚਿੱਠੀ ਵਾਇਰਲ, ਸਹੁੰ ਚੁੱਕਣ ਲਈ ਸਪੀਕਰ ਤੋਂ ਸਮਾਂ ਮੰਗਿਆ, ਜਥੇਬੰਦੀ ਨੇ ਕਿਹਾ ‘ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼’