ਕਪੂਰਥਲਾ (Kapurthala) ਦੇ ਅਜੀਤ ਨਗਰ ਇਲਾਕੇ ‘ਚ ਸਥਿਤ ਗੁਰਦੁਆਰਾ ਸਾਹਿਬ ( Gurdwara Sahib) ਜਠੇਰੇ ‘ਚ ਅੱਧੀ ਰਾਤ ਤੋਂ ਬਾਅਦ ਚੋਰ ਦਾਖਲ ਹੋ ਕੇ ਗੁਰਦੁਆਰਾ ਸਾਹਿਬ ਦੇ ਗੋਲਕ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਚੋਰੀ ਕਰ ਕੇ ਫਰਾਰ ਹੋ ਗਏ। ਇਹ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ।
ਚੋਰ ਨੇ ਪਹਿਲਾਂ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਆਪਣੀ ਜੁੱਤੀ ਲਾਹੀ ਅਤੇ ਸਿਰ ਢਕਿਆ ਅਤੇ ਫਿਰ ਐਲੂਮੀਨੀਅਮ ਦੇ ਗੇਟ ਨੂੰ ਕੱਟ ਕੇ ਅੰਦਰ ਵੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ-2 ਅਰਬਨ ਅਸਟੇਟ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਕਾਂਜਲੀ ਰੋਡ ‘ਤੇ ਸਥਿਤ ਅਜੀਤ ਨਗਰ ਇਲਾਕੇ ‘ਚ ਸਥਿਤ ਸ੍ਰੀ ਗੁਰਦੁਆਰਾ ਸਾਹਿਬ ਜਥੇਰੇ ਦੇ ਸੇਵਾਦਾਰ ਅਰਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਬੀਤੀ ਰਾਤ ਸੁਖਾਸਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਦੋਵੇਂ ਗੇਟਾਂ ਨੂੰ ਤਾਲੇ ਲਗਾ ਕੇ ਘਰ ਚਲੇ ਗਏ | ਪਰ ਜਦੋਂ ਉਹ ਸਵੇਰੇ 5 ਵਜੇ ਦੇ ਕਰੀਬ ਆਇਆ ਤਾਂ ਦੇਖਿਆ ਕਿ ਦੋਵੇਂ ਗੇਟ ਕਟਰ ਨਾਲ ਕੱਟੇ ਹੋਏ ਸਨ। ਅੰਦਰ ਜਾ ਕੇ ਦੇਖਿਆ ਕਿ ਗੋਲਕ ਵੀ ਟੁੱਟਿਆ ਹੋਇਆ ਸੀ ਅਤੇ ਉਸ ਵਿੱਚੋਂ ਨਕਦੀ ਵੀ ਕੋਈ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਸਨ। ਚੋਰੀ ਦੀ ਇਹ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਚੋਰ ਦਰਵਾਜ਼ਾ ਤੋੜ ਕੇ ਦਾਨ ਬਾਕਸ ਨੂੰ ਤੋੜ ਕੇ ਪੈਸੇ ਚੋਰੀ ਕਰਦੇ ਨਜ਼ਰ ਆ ਰਹੇ ਹਨ।
ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਮੁਤਾਬਕ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਤੋਂ ਪਹਿਲਾਂ ਚੋਰ ਨੇ ਮਰਿਆਦਾ ਨੂੰ ਮੁੱਖ ਰੱਖਦਿਆਂ ਆਪਣੇ ਜੁੱਤੇ ਲਾਹ ਕੇ ਸਿਰ ਢੱਕਿਆ ਅਤੇ ਫਿਰ ਅੰਦਰ ਦਾਖਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੌਰਾਨ ਉਸ ਨੇ ਆਪਣੀ ਪਛਾਣ ਛੁਪਾਉਣ ਲਈ ਰੁਮਾਲ ਨਾਲ ਮੂੰਹ ਵੀ ਢੱਕ ਲਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ-2 ਅਰਬਨ ਅਸਟੇਟ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਣਪਛਾਤੇ ਚੋਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਦੇ ਆਧਾਰ ’ਤੇ ਅਣਪਛਾਤੇ ਚੋਰ ਦੀ ਭਾਲ ਕੀਤੀ ਜਾ ਰਹੀ ਹੈ।