ਚੰਡੀਗੜ੍ਹ : 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ (ਪੰਜਾਬ) ਨੇ 1 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਚੰਡੀਗੜ੍ਹ ਤੱਕ ਇੱਕ ਇਨਸਾਫ਼ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਮਾਰਚ ਤੋਂ ਬਾਅਦ ਮੁੱਖ ਮੰਤਰੀ ਮਾਨ ਦੀ ਕੋਠੀ ਦੇ ਬਾਹਰ 1984 ਕਤਲੇਆਮ ਦੇ ਪੀੜਤ ਪਰਿਵਾਰ ਦੀਆਂ ਪੰਜ ਬੀਬੀਆਂ ਮਰਨ ਵਰਤ ਉੱਤੇ ਬੈਠਣਗੀਆਂ, ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਸਬੰਧਿਤ ਹੈ।
ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਕੱਲ੍ਹ 3 ਨਵੰਬਰ ਨੂੰ ਸਰਕਾਰ ਵੱਲੋਂ 1984 ਦੇ ਕਤਲੇਆਮ ਪੀੜਤ ਸੁਸਾਇਟੀ ਨਾਲ ਪੀੜਤਾਂ ਦੇ ਮੁੜ ਵਸੇਬੇ ਲਈ ਮੀਟਿੰਗ ਕੀਤੀ ਗਈ ਸੀ ਪਰ ਅਫ਼ਸਰਾਂ ਦਾ ਰਵੱਈਆ ਸਿੱਖ ਵਿਰੋਧੀ ਜਾਪਦਾ ਸੀ, ਜਿਸ ਕਰਕੇ ਸੁਸਾਇਟੀ ਨੇ ਮੀਟਿੰਗ ਵਿੱਚੇ ਹੀ ਛੱਡ ਦਿੱਤੀ। ਇਸ ਦੇ ਰੋਸ ਵਿੱਚ ਇਸ ਮਾਰਚ ਦਾ ਐਲਾਨ ਕੀਤਾ ਗਿਆ ਹੈ।
ਸੁਸਾਇਟੀ ਨੇ ਤਿੰਨ ਮਤੇ ਪੰਜਾਬ ਵਿਧਾਨ ਸਭਾ ਵਿੱਚ ਪਾਸ ਕਰਵਾਉਣ ਦੀ ਮੰਗ ਕੀਤੀ ਹੈ ਜਿਸ ਵਿੱਚ 1984 ਕਤਲੇਆਮ ਦੇ ਦੋਸ਼ੀਆਂ ਨੂੰ ਭਾਰਤ ਸਰਕਾਰ ਤੋਂ ਜਲਦ ਤੋਂ ਜਲਦ ਸਜ਼ਾ ਦਿਵਾਈ ਜਾਵੇ।
ਦੂਜਾ ਮਤਾ – ਭਾਰਤ ਸਰਕਾਰ ਵੱਲੋਂ ਜਿਹੜੇ 25 ਹਜ਼ਾਰ ਪਰਿਵਾਰ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਉੱਜੜ ਕੇ ਪੰਜਾਬ ਆ ਗਏ ਸਨ, ਉਨ੍ਹਾਂ ਪਰਿਵਾਰਾਂ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।
ਤੀਜਾ ਮਤਾ – ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਹਰ ਇੱਕ ਪੀੜਤ ਪਰਿਵਾਰ ਨੂੰ ਮਕਾਨ ਦੇਣ ਅਤੇ ਮੁੜ ਵਸੇਬੇ ਲਈ ਜੋ ਫੈਸਲੇ ਕੀਤੇ ਗਏ ਸਨ, ਫੌਰੀ ਤੌਰ ਉੱਤੇ ਲਾਗੂ ਕੀਤੇ ਜਾਣ।