ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀ.ਐੱਮ.ਯੂ.) ਵਲੋਂ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲਾਂਘੇ ਰਾਹੀਂ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਕੋਲੋਂ ਵਸੂਲੇ ਜਾ ਰਹੇ 20 ਡਾਲਰ ਯਾਤਰਾ ਖ਼ਰਚ ‘ਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ।
ਪੀ.ਐੱਮ.ਯੂ. ਅਧਿਕਾਰੀਆਂ ਨੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵਲੋਂ ਅੰਮ੍ਰਿਤਸਰ ਦੇ ਦੌਰੇ ਮੌਕੇ 20 ਡਾਲਰ ਯਾਤਰਾ ਖ਼ਰਚ ਖ਼ਤਮ ਕਰਨ ਬਾਰੇ ਪਾਕਿ ਸਰਕਾਰ ਨਾਲ ਗੱਲਬਾਤ ਕਰਨ ਸੰਬੰਧੀ ਦਿੱਤੇ ਬਿਆਨ ‘ਤੇ ਟਿੱਪਣੀ ਕੀਤੀ ਤੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ 24 ਅਕਤੂਬਰ 2019 ਨੂੰ ਹੋਏ ਦੁਵੱਲੇ ਸਮਝੌਤੇ ਦੇ ਚੱਲਦਿਆਂ ਭਾਰਤੀ ਸ਼ਰਧਾਲੂਆਂ ਕੋਲੋਂ ਇਹ ਯਾਤਰਾ ਖ਼ਰਚ ਵਸੂਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਕਤ 18 ਨੁਕਤੀ ਸਮਝੌਤੇ ‘ਤੇ ਭਾਰਤੀ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐੱਸ. ਸੀ. ਐੱਲ. ਦਾਸ ਅਤੇ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਡਾ: ਮੁਹੰਮਦ ਫ਼ੈਸਲ ਵਲੋਂ ਦਸਤਖ਼ਤ ਕੀਤੇ ਗਏ ਹਨ। ਇਸ ‘ਚ 6 ਨੰਬਰ ਪੁਆਇੰਟ ਮੁਤਾਬਿਕ ਦੋਵਾਂ ਮੁਲਕਾਂ ਨੇ ਇਹ ਮੰਨਿਆ ਹੈ ਕਿ ਅਗਲੇ 5 ਸਾਲ ਤੱਕ ਭਾਰਤੀ ਯਾਤਰੂਆਂ ਕੋਲੋਂ 20 ਡਾਲਰ (ਲਗਭਗ 1660 ਭਾਰਤੀ ਰੁਪਏ) ਯਾਤਰਾ ਖ਼ਰਚ ਲਿਆ ਜਾਵੇਗਾ।
ਪੀ.ਐੱਮ.ਯੂ. ਦੇ ਡਿਪਟੀ ਸਕੱਤਰ (ਪ੍ਰਬੰਧਨ) ਸੈਫਉੱਲਾ ਖ਼ੋਖਰ ਨੇ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਫ਼ਾਰਸ਼ ‘ਤੇ ਕਰਤਾਰਪੁਰ ਲਾਂਘੇ ਤੋਂ ਇਲਾਵਾ ਹੋਰਨਾਂ ਰਸਤਿਆਂ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਣ ਵਾਲੇ ਵਿਦੇਸ਼ੀ ਹਿੰਦੂ- ਸਿੱਖ ਯਾਤਰੂਆਂ ਕੋਲੋਂ 5 ਡਾਲਰ ਦਾਖਲਾ ਫ਼ੀਸ ਨਹੀਂ ਵਸੂਲੀ ਜਾ ਰਹੀ ਹੈ। ਕਮੇਟੀ ਦੇ ਪ੍ਰਧਾਨ ਅਤੇ ਸੂਬਾਈ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਕੋਲੋਂ ਵਸੂਲੀ ਜਾ ਰਹੀ ਇਸ ਫ਼ੀਸ ਨੂੰ ‘ਜਜ਼ੀਆ’ ਉਗਰਾਹੁਣ ਦੇ ਬਰਾਬਰ ਦੱਸਿਆ ਸੀ।