ਚੰਡੀਗੜ੍ਹ : ਜਾਅਲੀ ਐਸ.ਸੀ (SC) ਸਰਟੀਫਿਕੇਟਾਂ ਨਾਲ ਨੌਕਰੀਆਂ ਲੈਣ ਦੇ ਖਿਲਾਫ਼ ਸੰਘਰਸ਼ ਕਰ ਰਹੇ ‘ਰਿਜ਼ਰਵੇਸ਼ਨ ਚੋਰ ਫੜੋ’ ਪੱਕਾ ਮੋਰਚਾ ਵੱਲੋਂ ਪੰਜਾਬ ਬੰਦ ਨਹੀਂ ਕੀਤਾ ਜਾਵੇਗਾ। ਦਰਅਸਲ, ਵਿੱਤ ਮੰਤਰੀ ਹਰਪਾਲ ਚੀਮਾ ਦੇ ਨਾਲ ਮੀਟਿੰਗ ਕਰਨ ਮਗਰੋਂ ਜਥੇਬੰਦੀਆਂ ਨੇ ਆਪਣਾ ਫ਼ੈਸਲਾ ਵਾਪਸ ਲਿਆ ਹੈ। ਹੁਣ 13 ਜੂਨ (ਮੰਗਲਵਾਰ) ਨੂੰ ਇਸ ਸਬੰਧੀ ਸਬ-ਕਮੇਟੀ ਦੀ ਮੀਟਿੰਗ ਹੋਵੇਗੀ।
ਦੱਸ ਦਈਏ ਕਿ, ਮੋਹਾਲੀ ਵਿਖੇ ਐਸ.ਸੀ. ਸਮਾਜ ਦੇ ਵਲੋਂ ਚੋਰ ਫੜੋ ਮੋਰਚਾ ਲਾਇਆ ਹੋਇਆ ਹੈ ਅਤੇ ਇਸ ਮੋਰਚੇ ਵਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ, ਜਿਨਾਂ ਲੋਕਾਂ ਨੇ ਵੀ ਜਾਅਲੀ ਐਸ.ਸੀ. ਜਾਤੀ ਦੇ ਸਰਟੀਫਿਕੇਟ ਬਣਵਾ ਕੇ ਨੌਕਰੀਆਂ ਹਾਸਲ ਕੀਤੀਆਂ ਹਨ, ਉਨ੍ਹਾਂ ਦੇ ਖਿਲਾਫ਼ ਸਰਕਾਰ ਕਾਰਵਾਈ ਕਰੇ, ਪਰ ਸਰਕਾਰ ਦੀ ਤਰਫ਼ੋਂ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਇਸੇ ਕਾਰਨ ਐਸ.ਸੀ. ਸਮਾਜ ਨੇ 12 ਜੂਨ 2023 ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਸੀ, ਪਰ ਹੁਣ ਇਹ ਐਲਾਨ ਐਸ.ਸੀ. ਜਥੇਬੰਦੀਆਂ ਨੇ ਵਾਪਸ ਲੈ ਲਿਆ ਹੈ। ਐਸ.ਸੀ. ਸਮਾਜ ਦੇ ਆਗੂਆਂ ਨੇ ਕਿਹਾ ਕਿ, ਸਾਡੀ ਮੁੱਖ ਮੰਗ ਇਹ ਹੈ ਕਿ, ਜਿਨ੍ਹਾਂ ਨੇ ਵੀ ਸਾਡੇ ਅਧਿਕਾਰਾਂ ‘ਤੇ ਡਾਕਾ ਮਾਰਿਆ ਹੈ, ਉਨ੍ਹਾਂ ਖਿਲਾਫ ਸਰਕਾਰ ਕਾਰਵਾਈ ਕਰੇ।
ਫ਼ਰਜ਼ੀ ਐਸ.ਸੀ. ਸਰਟੀਫਿਕੇਟ ਬਣਵਾ ਕੇ, ਨੌਕਰੀਆਂ ਹਾਸਲ ਕਰਨ ਵਾਲਿਆਂ ਤੇ ਸਰਕਾਰ ਸਿਕੰਜ਼ਾ ਕੱਸੇ, ਪਰ ਸਰਕਾਰ ਨੂੰ ਬੇਧਿਆਨਾ ਕਰਦੀ ਦਿਖਾਈ ਦੇ ਰਹੀ ਹੈ। ਮੋਰਚੇ ਦੇ ਨੇਤਾਵਾਂ ਦੀ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਹੋਈ ਬੈਠਕ ਦੇ ਬਾਅਦ ਸੀਨੀਅਰ ਨੇਤਾ ਪ੍ਰੋਫੈਸਰ ਹਰਨੇਕ ਸਿੰਘ ਨੇ ਦਸਿਆ ਕਿ ਸਰਕਾਰ ਵੱਲੋਂ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਹੋਈ ਬੈਠਕ ਵਿਚ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਕਿ ਪੂਰੇ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕਰਕੇ ਸਖਤ ਐਕਸ਼ਨ ਲਿਆ ਜਾਵੇਗਾ। ਮੀਟਿੰਗ ਵਿਚ ਬਲਵੀਰ ਸਿੰਘ ਆਲਮਪੁਰ, ਗੁਰਮੁਖ ਸਿੰਘ ਢੋਲਨਮਾਜਰਾ, ਬਲਜੀਤ ਸਿੰਘ ਆਦਿ ਮੌਜੂਦ ਸਨ।