India Punjab

ਪੰਜਾਬ ਯੂਨੀਵਰਸਿਟੀ ਕੇਂਦਰ ਦੇ ਹੱਥਾਂ ‘ਚ ਜਾਣ ਤੋਂ ਬਚੀ

ਦ ਖ਼ਾਲਸ ਬਿਊਰੋ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹਾਲ ਦੀ ਘੜੀ ਕੇਂਦਰ ਦੇ ਹੱਥਾਂ ਵਿੱਚ ਜਾਣ ਤੋਂ ਬੱਚ ਗਈ ਹੈ।  ਕੇਂਦਰੀ ਸਿੱਖਿਆ ਰਾਜ ਮੰਤਰੀ ਸੁਭਾਸ਼ ਸਰਕਾਰ ਨੇ ਸੰਸਦ ਵਿੱਚ ਕਿਹਾ ਹੈ ਕਿ ਸੂਬਾ ਯੂਨੀਵਰਸਿਟੀਆਂ ਜਾਂ ਕਾਲਜਾਂ ਨੂੰ ਕੇਂਦਰੀ ਯੂਨੀਵਰਸਿਟੀਆਂ ਚ ਨਹੀਂ ਬਦਲਿਆ ਜਾ ਰਿਹਾ ਹੈ। ਕਿਉਂਕਿ ਇਨਾਂ ਯੂਨੀਵਰਸਿਟੀਆਂ ਦੀ ਵਿਰਾਸਤ, ਮੌਜੂਦਾ ਸਟਾਫ਼ ਦੀ ਐਡਜੈਸਟਮੈਂਟ ਤੇ ਕਾਲਜਾਂ ਦੀ ਮਾਨਤਾ ਗੁੰਝਲਦਾਰ ਮਸਲਾ ਹੈ। ਉਹ ਰਾਜ ਸਭਾ ਦੇ ਮੈਂਬਰ ਵਿਕਰਮਜੀਤ ਸਾਹਨੀ ਵੱਲੋਂ ਪੁੱਛੇ ਸਵਾਲ ਦਾ ਜਵਾਬ ‘ਦੇ ਰਹੇ ਸਨ।  

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ

ਕੇਂਦਰੀ ਮੰਤਰੀ ਦੇ ਦੱਸਣ ਅਨੁਸਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਕੋਈ ਤਜਵੀਜ਼ ਨਹੀਂ ਹੈ। ਉਹਨਾਂ ਕਿਹਾ ਕਿ ਰਾਜ ਯੂਨੀਵਰਸਿਟੀਆਂ ਤੇ ਕਾਲਜਾਂ ਨੁੰ ਕੇਂਦਰੀ ਯੂਨੀਵਰਸਿਟੀਆਂ ਬਣਾਉਣ ਦੇ ਮਾਮਲੇ ਵਿਚ ਮੰਤਰਾਲੇ ਨੇ ਇਸਦੇ ਖਿਲਾਫ ਨੀਤੀਗਤ ਫੈਸਲਾ ਲਿਆ ਹੈ ਕਿਉਂਕਿ ਸਰਕਾਰ ਕਿਸੇ ਤਰ੍ਹਾਂ ਦੇ ਝਮੇਲੇ ਵਿੱਚ ਨਹੀਂ ਪੈਣਾ ਚਾਹੁੰਦੀ ਹੈ। ਪੰਜਾਬ ਯੂਨੀਵਰਸਿਟੀ ਦੀ ਇੱਕ ਅਧਿਆਪਕਾ ਨੇ ਹਾਈ ਕੋਰਟ ਵਿੱਚ ਕੇਸ ਪਾ ਕੇ ਕੇਂਦਰੀ ਦਰਜਾ ਦੇਣ ਦੀ ਮੰਗ ਕੀਤੀ ਸੀ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਫੈਸਲਾ ਕੇਂਦਰੀ ਗ੍ਰਹਿ ਮੰਤਰਾਲੇ ‘ਤੇ ਛੱਡ ਦਿੱਤਾ। ਕੇਸ ਦਾ ਅਗਲੀ ਸੁਣਵਾਈ 31 ਅਗਸਤ ਲਈ ਮੁਕਰਰ ਕੀਤੀ ਗਈ ਹੈ।  ਇਸ ਤੋਂ ਪਹਿਲਾਂ ਵੀ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਦਰਜਾ ਦੇਣ ਦੀ ਮੰਗ ਉੱਠੀ ਸੀ ਪਰ ਪੰਜਾਬੀਆਂ ਪ੍ਰੇਮੀਆਂ ਅੱਗੇ ਸਰਕਾਰ ਨੂੰ ਝੁੱਕਣਾ ਪੈ ਗਿਆ ਸੀ।

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਟਵੀਟ ਕਰਦਿਆਂ ਹੋਇਆ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ ਅਤੇ ਲਿਖਿਆ ਹੈ ਕਿ ਉਹਨਾਂ ਨੇ ਸੰਸਦ ‘ਚ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੁੱਕਿਆ ਗਿਆ ਸੀ,ਜਿਸ ‘ਤੇ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਦੀ ਕੋਈ ਯੋਜਨਾ ਨਹੀਂ ਹੈ।

ਯੂਨੀਵਰਸਿਟੀ ਦਾ ਕੇਂਦਰੀਕਰਨ ਹੋਣ ਤੋਂ ਬਚਾਉਣ ਲਈ ਕਈ ਵਿਦਿਆਰਥੀ ਤੇ ਹੋਰ ਜਥੇਬੰਦੀਆਂ ਵਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ।ਇਸ ਸਬੰਧ ਵਿੱਚ ਕਈ ਵਾਰ ਰੋਸ ਪ੍ਰਦਰਸ਼ਨ ਕੀਤੇ ਗਏ,ਸ਼ਾਂਤਮਈ ਢੰਗ ਨਾਲ ਵਿਰੋਧ ਜਤਾਇਆ ਗਿਆ ਤੇ ਪੰਜਾਬ ਸਰਕਾਰ ਵੀ ਪੂਰੀ ਤਰਾਂ ਇਸ ਦੇ ਵਿਰੋਧ ਵਿੱਚ ਖੜੀ ਨਜ਼ਰ ਆਈ ਸੀ।

ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਯੂਨੀਵਰਸਿਟੀ ਤੇ ਮਤਾ ਵੀ ਪੇਸ਼ ਕੀਤਾ ਸੀ। ਆਖਰਕਾਰ ਸੰਘਰਸ਼ ਕਾਮਯਾਬ ਹੋਇਆ ਹੈ ਤੇ ਇਹ ਐਲਾਨ ਹੋ ਗਿਆ ਹੈ ਕਿ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਹੁਣ ਕੇਂਦਰ ਦਾ ਅਧੀਨ ਨਹੀਂ ਹੋਵੇਗੀ।

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ

ਇਸ ਸਬੰਧ ਵਿੱਚ ਟਵੀਟ ਕਰਦਿਆਂ ਕੈਬਨਿਟ ਮੰਤਰੀ ਮੀਤ ਹੇਅਰ ਨੇ ਲਿਖਿਆ ਹੈ ਕਿ ਅੱਜ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਜੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਮਲਾ ਉਠਾਇਆ ਜਿਸ ਉੱਤੇ ਕੇਂਦਰੀ ਮੰਤਰੀ ਨੂੰ ਜਵਾਬ ਦੇਣਾ ਪਿਆ ਕਿ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਨਹੀਂ ਬਦਲਿਆ ਜਾਵੇਗਾ। ਸਾਡੀ ਪਾਰਟੀ ਸੂਬੇ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ।।


ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਤਸਵੀਰ ਸਾਂਝੀ ਕਰਦਿਆਂ ਮੰਤਰੀ ਫੋਜਾ ਸਿੰਘ ਸਰਾਰੀ ਨੇ ਵੀ ਟਵੀਟ ਕੀਤਾ ਹੈ ਕਿ ਪੀਯੂ ਮਾਵਾਂ ਦੀ ਤਰਾਂ ਹੈ ਤੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਕਰਕੇ ਹੀ ਸੰਭਵ ਹੋ ਸਕਿਆ ਹੈ।ਆਖਿਰਕਾਰ ਮਿਹਨਤ ਰੰਗ ਲਿਆਈ ਹੈ।


ਇਹਨਾਂ ਤੋਂ ਇਲਾਵਾ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਪੰਜਾਬ ਸਰਕਾਰ ਦੇ ਯਤਨਾਂ ਨੂੰ ਬੂਰ ਪਿਆ ਹੈ ਤੇ ਰਾਜ ਸਭਾ ਮੈਂਬਰ ਵਿਕਰਮ ਸਿੰਘ ਸਾਹਨੀ ਜੀ ਨੇ ਵੀ ਰਾਜ ਸਭਾ ਵਿੱਚ ਇਹ ਮੁੱਦਾ ਚੁੱਕਿਆ,ਜਿਸ ਦਾ ਕੇਂਦਰ ਨੂੰ ਜਵਾਬ ਦੇਣਾ ਪਿਆ।