‘ਦ ਖ਼ਾਲਸ ਬਿਊਰੋ : ਦੇਸ਼ ਦੀ ਆਜ਼ਾਦੀ ਲਈ ਜ਼ਿੰਦਗੀ ਕੁਰਬਾਨ ਕਰਨ ਵਾਲੇ ਗ਼ਦਰੀ ਸ਼ਹੀਦ ਊਧਮ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਉੱਠੀ ਹੈ। ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦਾ ਕਹਿਣਾ ਹੈ ਕਿ ਆਜ਼ਾਦੀ ਦੀ ਪੌਣੀ ਸਦੀ ਦੇ ਬਾਅਦ ਵੀ ਸਰਕਾਰਾਂ ਨੇ ਸ਼ਹੀਦ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ। ਮੰਚ ਦੇ ਆਗੂਆਂ ਨੇ 75 ਸਾਲ ਬਾਅਦ ਵੀ ਸ਼ਹੀਦ ਦੇ ਜੀਵਨ ਨਾਲ ਸਬੰਧਿਤ ਸਮਾਨ ਦੀ ਸਾਂਭ ਸੰਭਾਲ ਨਾ ਕਰਨ ਨੂੰ ਸ਼ਰਮਨਾਕ ਦੱਸਿਆ ਹੈ।
ਮੰਚ ਆਗੂਆਂ ਦਾ ਕਹਿਣਾ ਹੈ ਕਿ ਸੁਨਾਮ ਊਧਮ ਸਿੰਘ ਵਾਲਾ ਵਿੱਚ ਸ਼ਹੀਦ ਦਾ ਮਿਊਜ਼ੀਅਮ 31 ਜੁਲਾਈ 2021ਨੂੰ ਬਣਾਇਆ ਗਿਆ ਸੀ ਜਿਸ ਨੂੰ ਇੱਕ ਸਾਲ ਹੋਣ ਵਾਲਾ ਹੈ ਪਰ ਅੱਜ ਤੱਕ ਸ਼ਹੀਦ ਨਾਲ ਸਬੰਧਤ ਇੱਕ ਵੀ ਸਮਾਨ ਮਿਊਜ਼ੀਅਮ ਵਿੱਚ ਲਿਆ ਕਿ ਨਹੀਂ ਰੱਖਿਆ ਗਿਆ। ਸ਼ਹੀਦ ਦੀਆਂ ਅਸਥੀਆਂ ਦੇ ਦੋ ਕਲਸ਼ ਅੱਜ ਵੀ ਸੁਨਾਮ ਊਧਮ ਸਿੰਘ ਵਾਲਾ ਦੇ ਸਰਕਾਰੀ ਕਾਲਜ ਦੀ ਲਾਇਬਰੇਰੀ ਵਿੱਚ ਰੁਲ ਰਹੇ ਹਨ। ਸ਼ਹੀਦ ਦਾ ਉਸੇ ਤਰ੍ਹਾਂ ਹੋਰ ਸਮਾਨ ਅੱਜ ਵੀ ਦੇਸ਼ ਤੇ ਵਿਦੇਸ਼ਾਂ ਵਿਚ ਸਾਂਭ ਸੰਭਾਲ ਖੁਣੋਂ ਪਿਆ ਹੈ। ਮੰਚ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਕੋਲ ਵੀ ਮਾਮਲਾ ਉੱਠਾਇਆ ਜਾ ਚੁੱਕਾ ਹੈ।
ਮੰਚ ਦੇ ਸਕੱਤਰ ਵਿਸ਼ਵ ਕਾਂਤ ਨੇ ਕਿਹਾ ਕਿ ਸ਼ਹੀਦ ਦੇ ਨਵੇਂ ਬਣੇ ਮੈਮੋਰੀਅਲ ਵਿਚ ਸ਼ਹੀਦ ਊਧਮ ਸਿੰਘ ਜੀ ਦਾ ਜਿਹੜਾ ਬੁੱਤ ਸਰਕਾਰ ਦੇ ਸੈਰਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਲਗਾਇਆ ਗਿਆ ਹੈ ਉਹ ਵੀ ਸ਼ਹੀਦ ਦੀ ਸ਼ਕਲ ਨਾਲ ਨਹੀਂ ਮਿਲਦਾ ਜਦੋਂ ਕਿ ਸ਼ਹੀਦ ਦੀਆਂ ਅਸਲੀ ਫੋਟੋਆਂ ਮੋਜੂਦ ਹਨ। ਆਗੂਆਂ ਨੇ ਦੱਸਿਆ ਕਿ ਭਾਵੇ ਸਰਕਾਰ ਨੇ ਸ਼ਹਿਰ ਦਾ ਨਾਂਅ ਬਦਲ ਕੇ ਸੁਨਾਮ ਊਧਮ ਸਿੰਘ ਵਾਲਾ ਕੀਤੇ ਕਈ ਸਾਲ ਹੋ ਗਏ ਪਰ ਅਜੇ ਵੀ ਕੁਝ ਵਿਭਾਗ ਸ਼ਹਿਰ ਦਾ ਨਾਮ ਸੁਨਾਮ ਹੀ ਲਿਖ ਰਹੇ ਹਨ।