India

ਵਿਸਤਾਰਾ ਫਲਾਈਟ ‘ਚ ਬੰਬ ਦੀ ਧਮਕੀ ਤੋਂ ਬਾਅਦ ਮਚਿਆ ਹੜਕੰਪ

ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦਿੱਲੀ ਤੋਂ ਸ਼੍ਰੀਨਗਰ ਆ ਰਹੀ ਵਿਸਤਾਰਾ ਦੀ ਫਲਾਈਟ UK611 ਨੂੰ ਬੰਬ ਦੀ ਧਮਕੀ ਮਿਲੀ। ਬੰਬ ਦੀ ਧਮਕੀ ਮਿਲਣ ਤੋਂ ਬਾਅਦ ਪੂਰਾ ਏਅਰਪੋਰਟ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਸਨ। ਜਹਾਜ਼ ਵਿੱਚ 177 ਯਾਤਰੀ ਅਤੇ ਇੱਕ ਬੱਚਾ ਸਵਾਰ ਸੀ।  ਫਲਾਈਟ ਨੂੰ ਰਾਤ ਕਰੀਬ 12:10 ਵਜੇ ਸੁਰੱਖਿਅਤ ਲੈਂਡ ਕਰਵਾਇਆ ਗਿਆ।

ਜਾਣਕਾਰੀ ਮੁਤਾਬਕ ਵਿਸਤਾਰਾ ਦੀ ਫਲਾਈਟ ਯੂਕੇ 611 ਰਾਜਧਾਨੀ ਦਿੱਲੀ ਤੋਂ ਸ਼੍ਰੀਨਗਰ ਆ ਰਹੀ ਸੀ। ਇਸ ਦੌਰਾਨ ਸ੍ਰੀਨਗਰ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਵਿਸਤਾਰਾ ਦੀ ਉਡਾਣ ‘ਚ ਬੰਬ ਦੀ ਧਮਕੀ ਮਿਲੀ। ਇਸ ਤੋਂ ਬਾਅਦ ਜਿਵੇਂ ਹੀ ਜਹਾਜ਼ ਸ਼੍ਰੀਨਗਰ ਹਵਾਈ ਅੱਡੇ ‘ਤੇ ਉਤਰਿਆ, ਇਸ ਨੂੰ ਆਈਸੋਲੇਸ਼ਨ ਬੇ ‘ਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਰਨਵੇ ਤੋਂ ਵੱਖ ਕਰ ਕੇ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਪਰ ਬੰਬ ਦੀ ਧਮਕੀ ਵਾਲੀ ਕਾਲ ਸਿਰਫ ਅਫਵਾਹ ਹੀ ਨਿਕਲੀ।

ਏਅਰਪੋਰਟ ਅਥਾਰਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਯਾਤਰੀਆਂ ਨੂੰ ਆਈਸੋਲੇਸ਼ਨ ਬੇ ਰਾਹੀਂ ਜਹਾਜ਼ ਤੋਂ ਬਾਹਰ ਲਿਆਂਦਾ ਗਿਆ। ਇਸ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਉਡਾਣ ਦੀ ਜਾਂਚ ਕੀਤੀ ਗਈ। ਇਸ ਦੌਰਾਨ ਨਿਰਧਾਰਤ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ। ਜਾਂਚ ਦੌਰਾਨ ਹਵਾਈ ਅੱਡੇ ‘ਤੇ ਬੰਬ ਨਿਰੋਧਕ ਦਸਤੇ ਵੀ ਤਾਇਨਾਤ ਰਹੇ। ਪੂਰੀ ਤਲਾਸ਼ੀ ਲੈਣ ਤੋਂ ਬਾਅਦ ਵੀ ਜਹਾਜ਼ ਦੇ ਅੰਦਰ ਕੋਈ ਵਿਸਫੋਟਕ ਨਹੀਂ ਮਿਲਿਆ।

ਜਾਣਕਾਰੀ ਮੁਤਾਬਕ ਏਅਰਪੋਰਟ ਅਥਾਰਟੀ ਨੂੰ ਧਮਕੀ ਭਰੀ ਕਾਲ ਮਿਲਣ ਤੋਂ ਬਾਅਦ ਸ਼੍ਰੀਨਗਰ ਏਅਰਪੋਰਟ ਦਾ ਸੰਚਾਲਨ ਦੋ ਘੰਟਿਆਂ ਲਈ ਰੋਕ ਦਿੱਤਾ ਗਿਆ। ਹਾਲਾਂਕਿ, ਫਲਾਈਟ ਦੀ ਸੁਰੱਖਿਅਤ ਲੈਂਡਿੰਗ ਅਤੇ ਜਾਂਚ ਤੋਂ ਬਾਅਦ ਹਵਾਈ ਅੱਡੇ ‘ਤੇ ਉਡਾਣ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ ਗਿਆ ਸੀ। ਫਿਲਹਾਲ ਸੁਰੱਖਿਆ ਏਜੰਸੀਆਂ ਫਰਜ਼ੀ ਕਾਲ ਦੇ ਸਰੋਤ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ।