ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਲਾਸ਼ ਬਦਲਣ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਜੀਆਰਪੀ ਦੇ ਮ੍ਰਿਤਕ ਮੁਲਾਜ਼ਮ ਨੌਜਵਾਨ ਦਾ ਗਾਰਡ ਆਫ ਆਨਰ ਨਾਲ ਸਸਕਾਰ ਕੀਤਾ ਜਾਣਾ ਸੀ ਪਰ ਦੂਜੇ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ। ਬੀਤੇ ਦਿਨ ਜਿਸ ਨੌਜਵਾਨ ਦਾ ਸਸਕਾਰ ਕੀਤਾ ਗਿਆ, ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਬਦਲਣ ਨੂੰ ਲੈ ਕੇ ਹਸਪਤਾਲ ਵਿੱਚ ਹੰਗਾਮਾ ਵੀ ਕੀਤਾ ਗਿਆ ਅਤੇ ਹਸਪਤਾਲ ਦੀ ਭੰਨਤੋੜ ਵੀ ਕੀਤੀ ਗਈ।
ਪੁਲਿਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੇ ਮੋਰਚਰੀ ਤੋਂ ਮ੍ਰਿਤਕ ਦੇਹ ਲਿਜਾਂਦੇ ਸਮੇਂ ਧਿਆਨ ਹੀ ਨਹੀਂ ਦਿੱਤਾ ਕਿ ਉਹ ਆਪਣੇ ਪੁੱਤਰ ਮਨੀਸ਼ ਸ਼ਰਮਾ ਦੀ ਦੇਹ ਲਿਜਾ ਰਹੇ ਹਨ ਜਾਂ ਕਿਸੇ ਹੋਰ ਦੀ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੀ ਹਸਪਤਾਲ ਵਿਚ ਹੋਈ ਤੋੜਫੋੜ ਤੇ ਮਾਰਕੁੱਟ ਦੇ ਬਾਅਦ ਹੜਤਾਲ ਕਰ ਦਿੱਤੀ, ਜੋ ਦੇਰ ਰਾਤ ਖਤਮ ਹੋਈ।
ਮਨੀਸ਼ ਦੇ ਪਰਿਵਾਰ ਦੇ ਮੈਂਬਰ ਹੁਣ ਦੂਜੀ ਵਾਰ ਉਸ ਦੇ ਸਸਕਾਰ ਦੀਆਂ ਰਸਮਾਂ ਨਿਭਾਉਣਗੇ। ਪਹਿਲਾਂ ਉਨ੍ਹਾਂ ਨੇ ਆਯੁਸ਼ ਦਾ ਸਸਕਾਰ ਕਰ ਦਿੱਤਾ। ਆਯੁਸ਼ ਸਲੇਮ ਟਾਬਰੀ ਦੇ ਪੂਰੀ ਬੰਦਾ ਮੁਹੱਲੇ ਦਾ ਰਹਿਣ ਵਾਲਾ ਸੀ। ਉਹ ਬੀਮਾਰ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਹ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਸੀ ਤੇ 1 ਜਨਵਰੀ ਨੂੰ ਉਸ ਦੀ ਮੌਤ ਹੋ ਗਈ ਸੀ।
ਆਯੁਸ਼ ਦੀ ਮ੍ਰਿਤਕ ਦੇਹ ਉਸ ਦੇ ਪਰਿਵਾਰ ਵਾਲਿਆਂ ਨੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਸੀ ਕਿਉਂਕਿ ਉਸ ਦੀਆਂ ਭੈਣਾਂ ਨੇ ਵਿਦੇਸ਼ ਤੋਂ ਵਾਪਸ ਆਉਣਾ ਸੀ। ਇਸ ਦਰਮਿਆਨ 2 ਜਨਵਰੀ ਨੂੰ ਮਨੀਸ਼ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ। ਮਨੀਸ਼ ਦੀ ਮ੍ਰਿਤਕ ਦੇਹ ਵੀ ਸਿਵਲ ਹਸਪਤਾਲ ਵਿਚ ਸੀ। ਜਦੋਂ ਮਨੀਸ਼ ਦੇ ਪਰਿਵਾਰ ਵਾਲੇ ਉਸ ਦੀ ਮ੍ਰਿਤਕ ਦੇਹ ਲੈਣ ਆਏ ਤਾਂ ਉਹ ਗਲਤੀ ਨਾਲ ਆਯੁਸ਼ ਦੀ ਮ੍ਰਿਤਕ ਦੇਹ ਲੈ ਗਏ।
ਦੈਨਿਕ ਭਾਸਕਰ ਦੀ ਖ਼ਬਰ ਅਨੁਸਾਰ, ਬੁੱਧਵਾਰ ਨੂੰ ਜੀਆਰਪੀ ਮੁਲਾਜ਼ਮ ਮਨੀਸ਼ ਦਾ ਪਰਿਵਾਰ ਉਸਦੀ ਦੇਹ ਲੈਣ ਹਸਪਤਾਲ ਆਇਆ। ਮਨੀਸ਼ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪਤਾ ਨਹੀਂ ਲੱਗਾ ਕਿ ਉਹ ਕਿਸੇ ਹੋਰ ਨੌਜਵਾਨ ਦੀ ਦੇਹ ਲੈ ਕੇ ਜਾ ਰਹੇ ਹਨ।
ਭੰਨਤੋੜ ਤੋਂ ਬਾਅਦ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਇਸ ਸ਼ਰਤ ‘ਤੇ ਹੜਤਾਲ ਖਤਮ ਕਰ ਦਿੱਤੀ ਕਿ ਐਮਰਜੈਂਸੀ ਦੀ ਸਥਿਤੀ ‘ਚ ਹਸਪਤਾਲ ਦੀ ਸੁਰੱਖਿਆ ਵਧਾ ਦਿੱਤੀ ਜਾਵੇ। ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਡਾਕਟਰਾਂ ਨੂੰ ਭਰੋਸਾ ਦਿੱਤਾ ਕਿ ਐਮਰਜੈਂਸੀ ਦੀ ਸਥਿਤੀ ਵਿੱਚ 4 ਤੋਂ 5 ਪੁਲੀਸ ਮੁਲਾਜ਼ਮ ਜ਼ਰੂਰ ਤਾਇਨਾਤ ਕੀਤੇ ਜਾਣਗੇ। ਇਨ੍ਹਾਂ ਸੁਰੱਖਿਆ ਕਰਮਚਾਰੀਆਂ ਨੂੰ ਐਮਰਜੈਂਸੀ ਦੇ ਅੰਦਰ ਕਮਰਾ ਦਿੱਤਾ ਜਾਵੇਗਾ ਤਾਂ ਜੋ ਸੁਰੱਖਿਆ ਕਰਮਚਾਰੀ 24 ਘੰਟੇ ਤਾਇਨਾਤ ਰਹਿਣ।
ਦੂਜੇ ਬੰਨੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇੱਕ ਹਸਪਤਾਲ ਵਿੱਚ ਭੰਨਤੋੜ ਕਰਨ ਤਹਿਤ ਅਣਪਛਾਤਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਜਦਕਿ ਦੂਜਾ ਮਾਮਲਾ ਲਾਸ਼ ਦੀ ਬਿਨਾਂ ਪਛਾਣ ਕੀਤੇ ਸਸਕਾਰ ਕਰਨ ਤਹਿਤ ਕੀਤਾ ਗਿਆ ਹੈ।