ਚੰਡੀਗੜ੍ਹ : ਪੰਜਾਬ-ਹਰਿਆਣਾ ਦੇ ਖਨੌਰੀ ਅਤੇ ਸ਼ੰਭੂ ਸਰਹੱਦਾਂ ਨੂੰ ਬੰਦ ਕਰਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਕਿਸਾਨ ਅੱਜ ਆਪਣੀ ਅਗਲੀ ਰਣਨੀਤੀ ਬਣਾਉਣਗੇ। ਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ ਭਰ ਵਿੱਚ ਭਾਜਪਾ ਸਰਕਾਰ ਦਾ ਪੁਤਲਾ ਦਹਿਨ ਤਹਿਤ ਪ੍ਰਦਰਸ਼ਨ ਕੀਤੇ ਜਾਣਗੇ।
ਇਸ ਸਬੰਧੀ ਕਿਸਾਨ ਆਗੂ ਜਗਜੀਤ ਸਿੰਘ ਡੱਲੋਵਾਲ ਨੇ ਕਿਹਾ ਕਿ ਪੂਰੇ ਦੇਸ਼ ਅੰਦਰ ਹਰ ਜਿਲ੍ਹੇ ਵਿੱਚ ਅਤੇ ਹਰ ਇੱਕ ਤਹਿਲੀਸ ਵਿੱਚ ਕੇਂਦਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਨੂੰ ਇੰਨਸਾਫ ਦਿਵਾਉਣਾ ਕਿਸਾਨਾਂ ਲਈ ਬਹੁਤ ਜਰੂਰੀ ਹੈ।
ਹਰਿਆਣਾ ਸਰਕਾਰ ‘ਤੇ ਵਰ੍ਹਦਿਆਂ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਅੰਦੋਲਨ ਦੌਰਾਨ ਸ਼ੁਭਕਰਨ ਨੂੰ ਮਾਰਿਆ, ਹਰਿਆਣਾ ਸਰਕਾਰ ਨੇ ਹੀ ਕਿਸਾਨਾਂ ਦੇ ਟਰੈਕਟਰ ਨੂੰ ਤਬਾਹ ਕੀਤਾ ਅਤੇ ਹੁਣ ਇਸ ਸਾਰੇ ਮਾਮਲੇ ਦੀ ਜਾਂਚ ਵੀ ਹਰਿਆਣਾ ਸਰਕਾਰ ਦਾ ਇੱਕ ਅਫ਼ਸਰ ਕਰ ਰਿਹਾ ਹੈ ਤਾਂ ਫਿਰ ਕਿਸਾਨ ਕਿਸ ਤਰ੍ਹਾਂ ਇੰਨਸਾਫ ਦੀ ਉਮੀਦ ਰੱਖ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਜੋ 6 ਪੁਲਿਸ ਅਫਸਰਾਂ ਨੂੰ ਬਹਾਦਰੀ ਐਵਾਰਡ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਹਰਿਆਣਾ ਸਰਕਾਰ ਤੋਂ ਇੰਨਸਾਫ ਮਿਲਣ ਦੀ ਕੋਈ ਵੀ ਉਮੀਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬਾਅਦ ਦੁਪਹਿਰ 1-3 0ਵਜੇ ਭਾਜਪਾ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਹ ਮੁਜ਼ਾਹਰੇ ਕੇਂਦਰ ਅਤੇ ਹਰਿਆਣਾ ਸਰਕਾਰਾਂ ਵੱਲੋਂ ਸਰਹੱਦ ਨਾ ਖੋਲ੍ਹਣ ਵਿਰੁੱਧ ਕੀਤੇ ਜਾਣਗੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਹੱਦ ਨਾ ਖੁੱਲ੍ਹਣ ਕਾਰਨ ਵਪਾਰੀ ਵਰਗ ਅਤੇ ਆਮ ਲੋਕ ਦੁਖੀ ਹਨ। ਇਹ ਬਾਰਡਰ ਕਿਸਾਨਾਂ ਵੱਲੋਂ ਬੰਦ ਨਹੀਂ ਕੀਤੇ ਗਏ ਸਨ, ਸਗੋਂ ਸੂਬਾ ਸਰਕਾਰ ਵੱਲੋਂ ਸੜਕ ਜਾਮ ਕੀਤੀ ਗਈ ਸੀ।
ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਬਹਾਦਰੀ ਪੁਰਸਕਾਰ ਲਈ ਜਸ਼ਨਦੀਪ ਸਿੰਘ ਰੰਧਾਵਾ, ਸਿਬਾਸ਼ ਕਬੀਰਾਜ, ਸੁਮਿਤ ਕੁਮਾਰ ਅਤੇ ਤਿੰਨ ਡੀਐਸਪੀਜ਼ ਅਮਿਤ ਭਾਟੀਆ, ਰਾਮ ਕੁਮਾਰ ਅਤੇ ਨਰਿੰਦਰ ਸਿੰਘ ਦੇ ਨਾਂ ਭੇਜੇ ਹਨ। ਇਹ ਸਾਰੇ ਉਹ ਅਧਿਕਾਰੀ ਹਨ ਜਿਨ੍ਹਾਂ ਨੇ ਕਿਸਾਨਾਂ ‘ਤੇ ਗੋਲੀਆਂ ਚਲਾਈਆਂ। ਹਰਿਆਣਾ ਸਰਕਾਰ ਦੇ ਇਸ ਫੈਸਲੇ ਖਿਲਾਫ ਦੇਸ਼ ਭਰ ਵਿੱਚ ਭਾਜਪਾ ਦੇ ਪੁਤਲੇ ਫੂਕੇ ਜਾਣਗੇ।