ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਝੋਨੇ ਦੀ ਆਮਦ ਵਿੱਚ ਵਾਧਾ ਹੋਇਆ ਹੈ ਇਸ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ 213 ਖ਼ਰੀਦ ਕੇਂਦਰ ਮੁੜ ਖੋਲ੍ਹ ਦਿੱਤੇ ਹਨ। ਖੁਰਾਕ ਤੇ ਸਪਲਾਈ ਵਿਭਾਗ ਦੀ ਸਿਫ਼ਾਰਸ਼ ’ਤੇ ਪੰਜਾਬ ਮੰਡੀ ਬੋਰਡ ਨੇ 9 ਨਵੰਬਰ ਤੋਂ ਖਰੀਦ ਕੇਂਦਰ ਬੰਦ ਕਰਨੇ ਆਰੰਭ ਦਿੱਤੇ ਸਨ ਅਤੇ ਤਿੰਨ ਦਿਨਾਂ ਦਰਮਿਆਨ ਸੂਬੇ ਵਿੱਚ 1348 ਖਰੀਦ ਕੇਂਦਰ (ਰੈਗੂਲਰ ਤੇ ਆਰਜ਼ੀ) ਬੰਦ ਕਰ ਦਿੱਤੇ ਗਏ ਸਨ। ਮੰਡੀਆਂ ਬੰਦ ਹੋਣ ਦੇ ਇਸ ਫ਼ੈਸਲੇ ਖ਼ਿਲਾਫ਼ ਕਿਸਾਨ ਧਿਰਾਂ ਨੇ ਸੜਕਾਂ ਜਾਮ ਕਰ ਦਿੱਤੀਆਂ ਸਨ।
ਪੰਜਾਬ ਸਰਕਾਰ ਨੇ ਆਖ਼ਰ ਕਿਸਾਨਾਂ ਦੇ ਦਬਾਅ ਮਗਰੋਂ 213 ਖ਼ਰੀਦ ਕੇਂਦਰ ਮੁੜ ਚਾਲੂ ਕਰ ਦਿੱਤੇ ਹਨ। ਵੇਰਵਿਆਂ ਅਨੁਸਾਰ ਬਰਨਾਲਾ ਜ਼ਿਲ੍ਹੇ ’ਚ 39 ਮੰਡੀਆਂ, ਜਲੰਧਰ ਜ਼ਿਲ੍ਹੇ ’ਚ 23, ਮੋਗਾ ਜ਼ਿਲ੍ਹੇ ’ਚ 39, ਸੰਗਰੂਰ ਜ਼ਿਲ੍ਹੇ ’ਚ 58 ਅਤੇ ਫ਼ਰੀਦਕੋਟ ਜ਼ਿਲ੍ਹੇ ’ਚ 32 ਮੰਡੀਆਂ ਸਮੇਤ ਹੋਰ ਮੰਡੀਆਂ ਮੁੜ ਖੋਲ੍ਹੀਆਂ ਗਈਆਂ ਹਨ।
ਗੌਰਤਲਬ ਹੈ ਕਿ ਪੰਜਾਬ ਵਿੱਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਈ ਸੀ ਤੇ 623 ਆਰਜ਼ੀ ਖ਼ਰੀਦ ਕੇਂਦਰ ਐਲਾਨੇ ਗਏ ਸਨ। ਮੁੱਖ ਤੌਰ ’ਤੇ ਸੂਬੇ ’ਚ 1372 ਖ਼ਰੀਦ ਕੇਂਦਰ, 283 ਸਬ ਯਾਰਡ ਤੇ 151 ਮੁੱਖ ਯਾਰਡ ਬਣਾਏ ਗਏ ਸਨ।
ਰੈਗੂਲਰ ਤੇ ਆਰਜ਼ੀ ਖ਼ਰੀਦ ਕੇਂਦਰਾਂ ਦੀ ਕੁਲ ਗਿਣਤੀ 2477 ਸੀ, ਜਿਨ੍ਹਾਂ ’ਚੋਂ 54 ਫ਼ੀਸਦ (1348) ਖਰੀਦ ਕੇਂਦਰ ਬੰਦ ਕੀਤੇ ਗਏ ਸਨ। ਪੰਜਾਬ ਮੰਡੀ ਬੋਰਡ ਨੇ ਫ਼ਿਰੋਜ਼ਪੁਰ ਜ਼ਿਲ੍ਹੇ ’ਚ 205 ਖ਼ਰੀਦ ਕੇਂਦਰਾਂ ’ਚੋਂ 198 ਖ਼ਰੀਦ ਕੇਂਦਰ ਬੰਦ ਕਰ ਦਿੱਤੇ ਹਨ ਤੇ ਹੁਣ ਇੱਕ ਮੰਡੀ ਚਾਲੂ ਕੀਤੀ ਗਈ ਹੈ। ਗੁਰਦਾਸਪੁਰ ਜ਼ਿਲ੍ਹੇ ’ਚ 93 ’ਚੋਂ 83 ਮੰਡੀਆਂ ਨੂੰ ਬੰਦ ਕੀਤਾ ਗਿਆ ਹੈ ਤੇ ਸੰਗਰੂਰ ਜ਼ਿਲ੍ਹੇ ’ਚ 255 ’ਚੋਂ 74 ਮੰਡੀਆਂ ਨੂੰ ਬੰਦ ਕੀਤਾ ਗਿਆ ਸੀ।