ਬਿਉਰੋ ਰਿਪੋਰਟ: ਇੱਕ ਪਾਸੇ ਜਿੱਥੇ ਆਜ਼ਾਦੀ ਦਿਵਸ ਨੂੰ ਲੈ ਕੇ ਪੰਜਾਬ ਭਰ ਵਿੱਚ ਸੁਰੱਖਿਆ ਦੇ ਪੁਖ]ਤਾ ਪ੍ਰਬੰਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਖੰਨਾ ਦੇ ਪ੍ਰਾਚੀਨ ਸ਼ਿਵਪੁਰੀ ਮੰਦਰ ਵਿੱਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਇਨ੍ਹਾਂ ਪ੍ਰਬੰਧਾਂ ਦਾ ਪਰਦਾਫਾਸ਼ ਕਰ ਦਿੱਤਾ ਹੈ। ਇੱਥੇ ਚੋਰਾਂ ਨੇ ਨਾ ਸਿਰਫ਼ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸਗੋਂ ਸ਼ਿਵ ਜੀ ਭਗਵਾਨ ਦਾ ਸ਼ਿਵਲਿੰਗ ਦੀ ਵੀ ਬੇਅਦਬੀ ਕਰ ਗਏ ਹਨ। ਇਸ ’ਤੇ ਹਿੰਦੂ ਜਥੇਬੰਦੀਆਂ ਨੇ ਪੁਲਿਸ ਦੀ ਕਾਰਜਸ਼ੈਲੀ ’ਤੇ ਵੀ ਸਵਾਲ ਤੇ ਗੁੱਸਾ ਜ਼ਾਹਰ ਕਰਦਿਆਂ ਚੱਕਾ ਜਾਮ ਕਰ ਦਿੱਤਾ ਹੈ।
ਸੀਸੀਟੀਵੀ ਵਿੱਚ ਨਜ਼ਰ ਆਏ ਦੋ ਚੋਰ
ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਵਿੱਚ ਦੋ ਚੋਰ ਨਜ਼ਰ ਆ ਰਹੇ ਹਨ। ਉਹ ਸ਼ਿਵਲਿੰਗ ’ਤੇ ਲੱਗੀ ਚਾਂਦੀ ਤੋੜ ਕੇ ਚੋਰੀ ਕਰਦੇ ਹਨ। ਇਸ ਦੌਰਾਨ ਸ਼ਿਵਲਿੰਗ ਵੀ ਟੁੱਟ ਗਿਆ। ਇਸ ਤੋਂ ਬਾਅਦ ਉਹ ਤਾਲਾ ਤੋੜ ਕੇ ਮੰਦਰ ਦੇ ਅੰਦਰ ਹਨੂੰਮਾਨ ਜੀ ਦੀ ਮੂਰਤੀ ਤੋਂ ਤਾਜ ਚੋਰੀ ਕਰ ਲੈਂਦੇ ਹਨ। ਉਹ ਹੋਰ ਮੂਰਤੀਆਂ ਤੋਂ ਸੋਨੇ-ਚਾਂਦੀ ਦੇ ਗਹਿਣੇ ਵੀ ਚੋਰੀ ਕਰ ਕੇ ਭੱਜ ਜਾਂਦੇ ਹਨ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਅੱਜ ਤੜਕੇ ਮੰਦਰ ਖੋਲ੍ਹਿਆ ਗਿਆ। ਸ਼ਿਵ ਜੀ ਨਾਲ ਸਬੰਧਿਤ ਸਾਉਣ ਦੇ ਇਸ ਪਵਿੱਤਰ ਮਹੀਨੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ।
ਜਾਂਚ ਵਿੱਚ ਜੁਟੀ ਪੁਲਿਸ
ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਘਟਨਾ ਸਿਟੀ ਥਾਣਾ 1 ਦੇ ਖੇਤਰ ਵਿੱਚ ਵਾਪਰੀ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਰਾਹੀਂ ਚੋਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਅਸੀਂ ਉਨ੍ਹਾਂ ਦੇ ਖਿਲਾਫ ਬੇਅਦਬੀ ਦੀ ਧਾਰਾ ਵੀ ਲਗਾਵਾਂਗੇ।