ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਅਆਂ ਨੇ ਹਰ ਥਾਂ ਕਿਸੇ ਨਾ ਕਿਸੇ ਕੰਮ ਵਿੱਚ ਆਪਣੇ ਝੰਡੇ ਗੱਡੇ ਹਨ। ਕੁਝ ਦਿਨ ਪਹਿਲਾਂ ਇੱਥੇ ਐਡੀਸਨ ਡਿਸਟਿ੍ਰਕਟ ਦੀਆਂ ਖੇਡਾਂ ਵਿਚ ਕਾਰਟਰੇਟ ਸਿੰਘ ਸਭਾ ਗੁਰਦੁਆਰੇ ਦੇ ਸਾਬਕਾ ਪ੍ਰਧਾਨ ਭਾਈ ਪਿਆਰਾ ਸਿੰਘ ਸ਼ੇਖੂਪੁਰ ਦੇ ਪੋਤਰੇ ਕਾਕਾ ਇੰਦਰਵੀਰ ਸਿੰਘ (ਸਪੁੱਤਰ ਗੁਰਚਰਨ ਸਿੰਘ) ਨੇ 1600 ਮੀਟਰ ਦੀ ਦੌੜ ਬਹੁਤ ਵੱਡੇ ਫਰਕ ਨਾਲ ਜਿੱਤ ਕੇ ਪੰਜਾਬ ਦਾ ਨਾਂ ਚਮਕਾਇਆ।
ਇੰਦਰਵੀਰ ਸਿੰਘ ਜਿੱਥੇ ਅਪਣੀ ਉਮਰ ਦੇ ਵਰਗ ਦਾ ਫ਼ੁਟਬਾਲ ਦਾ ਵੀ ਚੰਗਾ ਖਿਡਾਰੀ ਹੈ, ਉੱਥੇ ਉਹ ਅਪਣੇ ਵੁਡਰੋ ਵਿਲਸਨ ਸਕੂਲ ਸਾਇੰਸ ਦੇ ਟੈਸਟਾਂ ’ਚੋਂ ਵੀ ਫਸਟ ਗ੍ਰੇਡ ਮਾਨ ਸਨਮਾਨ ਲੈਂਦਾ ਆ ਰਿਹਾ ਹੈ। ਇਸੇ ਸਕੂਲ ’ਚ ਇਹ ਨੌਜਵਾਨ ਅੱਠਵੀਂ ਜਮਾਤ ਵਿਚ ਪੜ੍ਹਦਾ ਹੈ।
ਪ੍ਰਵਾਸੀ ਭਾਰਤੀ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਨੇ ਕਾਕਾ ਇੰਦਰਵੀਰ ਸਿੰਘ ਦੇ ਸਮੁੱਚੇ ਪ੍ਰਵਾਰ ਨੂੰ ਮੁਬਾਰਕਬਾਦ ਦਿੰਦਿਆਂ ਦਾਅਵਾ ਕੀਤਾ ਕਿ ਯੂ.ਐੱਸ.ਏ. ਸਮੇਤ ਕੈਨੇਡਾ, ਆਸਟ੍ਰੇਲੀਆ, ਨਿਊਜੀਲੈਂਡ ਅਤੇ ਯੂ.ਕੇ. ਵਰਗੇ ਦੇਸ਼ਾਂ ਵਿਚ ਵਸੇ ਪੰਜਾਬੀ ਜਿੱਥੇ ਅਪਣੀ ਨਵੀਂ ਪੀੜ੍ਹੀ ਨੂੰ ਪੱਛਮੀ ਸਭਿਆਚਾਰ ਤੋਂ ਬਚਾਅ ਕੇ ਅਪਣੇ ਅਮੀਰ ਵਿਰਸੇ ਤੇ ਸ਼ਾਨਾਮੱਤੇ ਇਤਿਹਾਸ ਨਾਲ ਜੋੜੀ ਰਖਦੇ ਹਨ, ਉੱਥੇ ਪੰਜਾਬੀ ਨੌਜਵਾਨ ਸੱਤ ਸਮੁੰਦਰੋਂ ਪਾਰ ਵੀ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ।
ਦੱਸ ਦਈਏ ਕਿ ਵਿਦੇਸ਼ਾਂ ’ਚ ਵਸਦੇ ਪ੍ਰਵਾਸੀ ਪੰਜਾਬੀਆਂ ਦੇ ਬੱਚੇ ਗੁਰਦੁਆਰਿਆਂ ਵਿਚ ਜਾ ਕੇ ਪੰਜਾਬੀ ਸਿੱਖਣ ਦੇ ਨਾਲ-ਨਾਲ ਵਿਰਸੇ ਨਾਲ ਵੀ ਜੁੜਦੇ ਹਨ, ਉੱਥੇ ਹੀ ਸਕੂਲਾਂ ਅਤੇ ਕਾਲਜਾਂ ਵਿਚ ਹੋਣ ਵਾਲੀਆਂ ਖੇਡਾਂ ਵਿਚ ਵੀ ਮੱਲ੍ਹਾਂ ਮਾਰਦੇ ਹਨ।