ਦੁਨੀਆ ਵਿੱਚ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਣਾ ਜਿੱਥੇ ਪੰਜਾਬੀਆਂ ਆਪਣੇ ਨਾਮ ਦੇ ਝੰਡੇ ਨਾ ਗੱਡੇ ਹੋਣ। ਪੰਜਾਬੀਆਂ ਨੇ ਹਰ ਦੇਸ਼ ਵਿੱਚ ਵੱਖਰੀ ਭਾਸ਼ਾ ਹੇਣ ਦੇ ਬਾਵਜੂਦ ਸਖਤ ਮਿਹਨਤਾ ਦੇ ਸਦਕਾ ਵੱਡੀਆ ਪੁਲਾਂਘਾਂ ਪੱਟੀਆਂ ਹਨ। ਅਜਿਹਾ ਇੱਕ ਮਾਮਲਾ ਨਿਊਜੀਲੈਂਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸਿੱਖ ਨੌਜਵਾਨ ਫੌਜੀ ਅਫ਼ਸਰ ਬਣਿਆ ਹੈ।
ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ਅਤੇ ਦੇਸ਼-ਵਿਦੇਸ਼ ਵਸਦੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖ਼ੁਸ਼ੀ ਹੋਵੇਗੀ ਕਿ 2021 ਦੇ ਵਿਚ ਇਥੇ ਦੀ ਫ਼ੌਜ ਵਿਚ ਭਰਤੀ ਹੋਇਆ ਸਿੱਖ ਜਵਾਨ ਮਨਸਿਮਰਤ ਸਿੰਘ ਨੇ ਅਗਲੀ ਮੱਲ ਮਾਰਦਿਆਂ ਹੁਣ ਨਿਊਜ਼ੀਲੈਂਡ ਫ਼ੌਜ ਦੀ ਤਰਫ਼ ਤੋਂ ਅੱਜ ਸਿੰਗਾਪੁਰ ਵਿਖੇ ‘ਐਸ. ਏ. ਐਫ਼.ਟੀ. ਆਈ. ਮਿਲਟਰੀ ਇੰਸਟੀਚਿਊਟ’ ਵਿਚ ਅੱਜ ਹੋਈ ‘ਆਫ਼ੀਸਰ ਕੈਡਿਟ ਕਮਿਸ਼ਨਿੰਗ ਪ੍ਰੇਡ’ ਵਿਚ ਪਾਸਿੰਗ ਵਿਚ ਹਿੱਸਾ ਲੈ ਕੇ ‘ਫ਼ੌਜੀ ਅਫ਼ਸਰ’ ਬਣ ਗਿਆ ਹੈ।
ਇਸ ਨੇ ਸੱਭ ਤੋਂ ਉੱਚਾ ਪੁਰਸਕਾਰ “ਸਵੋਰਡ ਆਫ਼ ਆਨਰ” ਵੀ ਜਿੱਤਿਆ। ਨਿਊਜ਼ੀਲੈਂਡ ਦੀ ਆਰਮੀ ਵਿਚੋਂ ਪਿਛਲੇ 2 ਸਾਲਾਂ ਵਿਚ ਇਹ ਪਹਿਲਾ ਨੌਜਵਾਨ ਹੈ ਜਿਸ ਨੂੰ ਕਮਿਸ਼ਨ ਪੱਧਰ ਦਾ ਰੈਂਕ ਮਿਲਿਆ ਹੈ। ਇਹ ਨੌਜਵਾਨ ਨਿਊਜ਼ੀਲੈਂਡ ਫ਼ੌਜ ਦੀ ਹਾਕੀ ਟੀਮ ਵਿਚ ਮਨਸਿਮਰਤ ਸਿੰਘ ਕੇਸਕੀ ਬੰਨ੍ਹ ਹਾਕੀ ਮੈਦਾਨ ’ਚ ਪੁਲਿਸ ਨਾਲ ਖੇਡਦਾ ਰਿਹਾ ਹੈ। 21 ਸਾਲਾ ਮਨਸਿਮਰਤ ਸਿੰਘ ਦੇ ਮਾਤਾ-ਪਿਤਾ ਇਥੇ ਬੱਕਲੈਂਡ ਬੀਚ ਵਿਖੇ ਰਹਿੰਦੇ ਹਨ।
ਇਸ ਪ੍ਰਵਾਰ ਦਾ ਜੱਦੀ ਪਿੰਡ ਬੌੜ ਤਹਿਸੀਲ ਖਮਾਣੋਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਹੈ। 1998 ਵਿਚ ਇਹ ਪਰਿਵਾਰ ਇਥੇ ਆਇਆ ਸੀ। ਇਸ ਨੌਜਵਾਨ ਨੇ ਮੈਕਲੀਨ ਕਾਲਜ ਦੇ ਵਿਚ ਪੜ੍ਹਾਈ ਸ਼ੁਰੂ ਕੀਤੀ ਅਤੇ ਫਿਰ ਸਕਾਲਰਸ਼ਿਪ ਦੇ ਨਾਲ ਇਕ ਵਕਾਰੀ ਕਾਲਜ ਸੇਂਟ ਕੇਂਟੀਗਰਨ ਪਾਕੂਰੰਗਾ ਵਿਖੇ ਬਾਕੀ ਦੀ ਪੜ੍ਹਾਈ ਪੂਰੀ ਕੀਤੀ। ਮਨਸਿਮਰਤ ਸਿੰਘ ਨੇ 5 ਸਾਲ ਦੀ ਉਮਰ ਵਿਚ ਹੀ ਅੰਮ੍ਰਿਤ ਛਕ ਲਿਆ ਸੀ।
ਉਹ ਅੰਡਰ 18 ਵਿਚ ਔਕਲੈਂਡ ਲਈ ਹਾਕੀ ਖੇਡ ਚੁੱਕਿਆ ਹੈ। ਉਹ ਪ੍ਰੀਮੀਅਰ ਹਾਕੀ ਟੀਮ ਹੌਵਿਕ-ਪਾਕੂਰੰਗਾ ਅਤੇ ਸੇਂਟ ਕੇਂਟਸ ਦੀ ਹਾਕੀ ਟੀਮ ਦਾ ਹਿੱਸਾ ਰਿਹਾ। ਇਹ ਨੌਜਵਾਨ ਗਤਕਾ ਵੀ ਸੋਹਣਾ ਖੇਡਦਾ ਹੈ ਤੇ ਨਿਊਜ਼ੀਲੈਂਡ ਦੀ ਗਤਕਾ ਟੀਮ ਵਿਚ ਕੈਨੇਡਾ, ਆਸਟਰੇਲੀਆ, ਇੰਡੀਆ ਗਿਆ ਸੀ। ਇਹ ਨੌਜਵਾਨ ਗੁਰਬਾਣੀ ਕੀਰਤਨ ਵੀ ਕਰ ਲੈਂਦਾ ਹੈ। ਨਿਊਜ਼ੀਲੈਂਡ ਫ਼ੌਜ ਵਿਚ ਭਰਤੀ ਹੋਣ ਬਾਅਦ ਇਸ ਦੀ ਡਿਊਟੀ ਸਿਸਟਮ ਇੰਜੀਨੀਅਰ ਵਜੋਂ ਲਗਾਈ ਗਈ ਹੈ।