ਜਾਪਾਨ : ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਟੋਮੀਕੋ ਇਤੁਕਾ ਨੇ 116 ਸਾਲ ਦੀ ਉਮਰ ਵਿੱਚ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ । 29 ਦਸੰਬਰ ਨੂੰ ਹਯੋਗੋ ਪ੍ਰੀਫੈਕਚਰ ਦੇ ਇੱਕ ਨਰਸਿੰਗ ਹੋਮ ਵਿੱਚ ਉਸਨੇ ਆਖਰੀ ਸਾਹ ਲਏ। ਜਾਪਾਨ ਦੇ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਇਸ ਦੀ ਪੁਸ਼ਟੀ ਕੀਤੀ।
ਇਤੁਕਾ ਦਾ ਜਨਮ 23 ਮਈ, 1908 ਨੂੰ ਪੱਛਮੀ ਜਾਪਾਨ ਦੇ ਆਸ਼ੀਆ ਸ਼ਹਿਰ ਵਿੱਚ ਹੋਇਆ ਸੀ ਜੋ ਕੇ ਆਪਣੇ 3 ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ। ਇਤਸੁਕਾ ਦਾ ਵਿਆਹ 20 ਸਾਲ ਦੀ ਉਮਰ ਵਿੱਚ ਹੋਇਆ ਸੀ। ਉਸ ਦੇ 4 ਬੱਚੇ ਅਤੇ 5 ਪੋਤੇ-ਪੋਤੀਆਂ ਹਨ। ਇਤੁਕਾ ਦੇ ਪਤੀ ਦਾ ਵੀ ਸਾਲ 1979 ਵਿੱਚ ਦਿਹਾਂਤ ਹੋ ਗਿਆ ਸੀ।
ਇਤੁਕਾ ਦੇ ਸੰਸਾਰ ਤੋਂ ਚਲੇ ਜਾਣ ਦਾ ਕਾਰਨ ਬਹੁਤ ਜ਼ਿਆਦਾ ਉਮਰ ਦੱਸਿਆ ਗਿਆ ਹੈ। ਗਿਨੀਜ਼ ਵਰਲਡ ਰਿਕਾਰਡਸ ਨੇ ਸਤੰਬਰ 2024 ਵਿੱਚ ਇਤੁਕਾ ਨੂੰ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਵਜੋਂ ਮਾਨਤਾ ਦਿੱਤੀ ਸੀ। ਦਰਅਸਲ ਇਸ ਤੋਂ ਪਹਿਲਾਂ ਵਾਲੀ ਦੁਨੀਆ ਦੀ ਸਭ ਵੱਡੀ ਉਮਰ ਦੀ ਔਰਤ ਦਾ ਖਿਤਾਬ ਰੱਖਣ ਵਾਲੀ ਸਪੇਨ ਦੀ ਮਾਰੀਆ ਬ੍ਰੇਨਿਆਸ ਦਾ ਪਿਛਲੇ ਸਾਲ ਅਗਸਤ ਚ 117 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਸੀ।
ਗਿਨੀਜ਼ ਵਰਲਡ ਰਿਕਾਰਡਜ਼ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਗਿਨੀਜ਼ ਵਰਲਡ ਰਿਕਾਰਡਸ ਨੇ ਟਵਿੱਟਰ ‘ਤੇ ਸ਼ੇਅਰ ਕੀਤੀ ਇੱਕ ਪੋਸਟ ਵਿੱਚ ਕਿਹਾ ਕਿ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਟੋਮੀਕੋ ਇਤਸੁਕਾ ਦੀ 116 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਸਾਡੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਨਾਲ ਹੈ। ਸ਼੍ਰੀਮਤੀ ਇਤਸੁਕਾ ਨੇ ਸਾਨੂੰ ਆਪਣੀ ਲੰਬੀ ਉਮਰ ਵਿੱਚ ਬਹੁਤ ਹਿੰਮਤ ਅਤੇ ਉਮੀਦ ਦਿੱਤੀ। ਮੈਂ ਇੱਕ ਵਾਰ ਫਿਰ ਆਪਣਾ ਧੰਨਵਾਦ ਪ੍ਰਗਟ ਕਰਨਾ ਚਾਹਾਂਗਾ।