ਜਰਮਨੀ : ਵਰਲਡ ਸਿੱਖ ਪਾਰਲੀਮੈਂਟ ਦੇ ਪੰਜਵੇਂ ਜਨਰਲ ਇਜਲਾਸ ਦੇ ਤੀਜੇ ਤੇ ਆਖਰੀ ਦਿਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਅੰਤਰਰਾਸ਼ਟਰੀ ਪੰਥਕ ਕਾਨਫਰੰਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੰਨ 2003 ਵਿਚ ਦਮਦਮਾ ਸਾਹਿਬ ਦੀ ਧਰਤੀ ਤੋਂ ਜਾਰੀ ਹੋਏ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਵਰਲਡ ਸਿੱਖ ਪਾਰਲੀਮੈਂਟ ਬਹੁਸੰਮਤੀ ਨਾਲ ਮਾਨਤਾ ਦਿੰਦੀ ਹੈ ਅਤੇ ਪੂਰੀ ਕੌਮ ਨੂੰ ਬੇਨਤੀ ਕਰਦੀ ਹੈ ਕਿ ਸਾਰੇ ਇਤਿਹਾਸਿਕ ਦਿਹਾੜਿਆਂ ਅਤੇ ਗੁਰਪੁਰਬਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਹੀ ਮਨਾਉਣ।
ਦੀਵਾਨ ਦਾ ਅਰੰਭ ਕੀਰਤਨੀ ਜਥੇ ਵਲੋਂ ਇਲਾਹੀ ਬਾਣੀ ਦੇ ਜਾਪ ਨਾਲ ਹੋਇਆ ਉਪਰੰਤ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਸਟੇਜ ਦੀ ਸੇਵਾ ਸੰਭਾਲੀ ਤੇ ਸੰਗਤਾਂ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਪਿਛਲੇ ਦੋ ਦਿਨਾਂ ਦੇ ਇਜਲਾਸ ਦੀ ਸੰਖੇਪ ਜਾਣਕਾਰੀ ਦਿਤੀ। ਇਸ ਮੌਕੇ ਬੁਲਾਰਿਆਂ ਨੇ ਭਾਈ ਹਰਦਿਆਲ ਸਿੰਘ (ਯੂਨਾਇਟਡ ਸਿੱਖਜ਼) ਯੂ. ਐਸ. ਏ. ਨੇ ਵਰਲਡ ਸਿੱਖ ਪਾਰਲੀਮੈਂਟ ਨਾਲ ਜੁੜ ਕੇ ਕੀਤੇ ਜਾਂਦੇ ਕਾਰਜਾਂ ਬਾਰੇ ਦਸਿਆ।
ਭਾਈ ਪ੍ਰਭ ਸਿੰਘ ਕਨੇਡਾ ਨੇ ਸਿੱਖਾਂ ਨੂੰ ਕਾਨੂੰਨੀ ਤੌਰ ਤੇ ਮਜ਼ਬੂਤ ਹੋ ਕੇ ਹਰ ਵਿਤਕਰੇ ਨਾਲ ਜੂਝਣ ਬਾਰੇ ਦਸਿਆ। ਭਾਈ ਸਿਮਰਨਜੋਤ ਸਿੰਘ ਕਨੇਡਾ ਨੇ ਭਾਰਤ ਸਰਕਾਰ ਨੂੰ ਚੈਲੰਜ ਕੀਤਾ ਕਿ ਉਹ ਸਿੱਖਾਂ ਨੂੰ ਟਾਰਗੇਟ ਕਿੰਲਿੰਗ ਕਰ ਕੇ ਖ਼ਤਮ ਨਹੀਂ ਕਰ ਸਕਦੀ। ਭਾਈ ਪ੍ਰਿਤਪਾਲ ਸਿੰਘ ਸਵਿਟਜ਼ਰਲੈਂਡ ਨੇ ਕਿਹਾ ਕਿ ਆਜ਼ਾਦੀ ਦੀ ਪ੍ਰਾਪਤੀ ਤਕ ਜੰਗ ਜਾਰੀ ਰਹੇਗੀ। ਭਾਈ ਮਨਪ੍ਰੀਤ ਸਿੰਘ ਇੰਗਲੈਂਡ ਨੇ ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚਲਦਿਆਂ ਵਰਲਡ ਸਿੱਖ ਪਾਰਲੀਮੈਂਟ ਦੇ ਕੀਤੇ ਕੰਮਾਂ ਬਾਰੇ ਦਸਿਆ।
ਭਾਈ ਜਗਜੀਤ ਸਿੰਘ ਨੇ ਯੂਰਪ ਦੇ ਸਿੱਖਾਂ ਨੂੰ ਮਿਲ ਕੇ ਆਪਣੇ ਮਸਲੇ ਹੱਲ ਕਰਨ ਦੀ ਬੇਨਤੀ ਕੀਤੀ। ਭਾਈ ਅਮਰੀਕ ਸਿੰਘ ਸਹੋਤਾ ਨੇ ਕਿਹਾ ਸਿੱਖਾਂ ਦਾ ਪ੍ਰਣ ਹੈ ਕਿ ਖ਼ਾਲਿਸਤਾਨ ਦੀ ਪ੍ਰਾਪਤੀ ਤਕ ਜਦੋਜਹਿਦ ਕਰਦੇ ਰਹਿਣਗੇ ।
ਇਸ ਮੌਕੇ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਪੰਜਵੇਂ ਇਜਲਾਸ ਵਿਚ ਪਾਸ ਕੀਤੇ ਮਤੇ ਪੜ੍ਹ ਕੇ ਸੁਣਾਏ ਜਿਸ ਵਿਚ ਖ਼ਾਲਿਸਤਾਨ ਪ੍ਰਤੀ ਵਚਨਬੱਧਤਾ, ਸ਼ਹੀਦਾਂ ਦੇ ਪਾਏ ਪੂਰਨਿਆ ਉੱਤੇ ਚਲਣ ਦਾ ਪ੍ਰਣ ਸ਼ਾਮਲ ਸਨ।
ਭਾਰਤ ਸਰਕਾਰ ਵਲੋਂ ਟਰਾਂਸਨੈਸ਼ਨਲ ਰਿਪਰੇਸ਼ਨ ਵਿਰੁਧ ਅਤੇ ਸਨਾਤਨਵਾਦ ਦੇ ਸਿੱਖੀ ਉਤੇ ਵਧਦੇ ਪ੍ਰਭਾਵ ਪ੍ਰਤੀ ਵੀ ਮਤੇ ਸ਼ਾਮਲ ਸਨ। ਮਤਿਆਂ ਵਿਚ ਹਾਲ ਹੀ ਵਿਚ ਚਲ ਰਹੀਆਂ ਰੂਸ ਯੂਕਰੇਨ ਅਤੇ ਇਸਰਾਇਲ ਫ਼ਲਸਤੀਨ ਦੀਆਂ ਜੰਗਾਂ ਵਿਚ ਸਾਰੀਆਂ ਧਿਰਾਂ ਨੂੰ ਮਿਲ ਕੇ ਮਸਲੇ ਹੱਲ ਕਰਨ ਬਾਰੇ ਕਿਹਾ ਗਿਆ।