ਮੁਹਾਲੀ : ਲੰਘੇ ਕੱਲ੍ਹ 1984 ਦੇ ਸਿੱਖ ਕਤਲੇਆਮ ਮਾਮਲੇ ’ਚ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ’ਤੇ ਦੋਸ਼ ਆਇਦ ਕਰ ਦਿੱਤੇ ਹਨ। ਅਦਾਲਤ ਨੇ ਕਾਂਗਰਸੀ ਆਗੂ ਖ਼ਿਲਾਫ਼ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਦੋਸ਼ ਆਇਦ ਕਰ ਦਿੱਤੇ ਹਨ। ਇਸ ਤੋਂ ਪਹਿਲਾਂ 19 ਜੁਲਾਈ ਨੂੰ ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੇ ਇਸ ਮਾਮਲੇ ਵਿੱਚ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ ਨੂੰ ਹੋਵੇਗੀ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਟਾਈਟਲਰ ਖ਼ਿਲਾਫ਼ ਦੋਸ਼ ਆਇਦ ਕਰਨ ਦੇ ਹੁਕਮਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਖੀਰ 40 ਸਾਲਾਂ ਬਾਅਦ ਸਿੱਖ ਕੌਮ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਜਗਦੀਸ਼ ਟਾਈਟਲਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਸਦੇ ਖ਼ਿਲਾਫ ਕੋਈ FIR ਦਰਜ ਨਹੀਂ ਹੈ ਉਸਦੇ ਖ਼ਿਲਾਉ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਦੋਸ਼ ਆਇਦ ਕੀਤੇ ਹਨ। ਇਸਦੇ ਨਾਲ ਉਨ੍ਹਾਂ ਨੇ ਸੀਬੀਆਈ ਅਤੇ ਇਸ ਕੇਸ ਦੇ ਗਵਾਹਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਕਿਸੇ ਦਾ ਵੀ ਦਬਾਅ ਨਹੀਂ ਨਹੀਂ ਮੰਨਿਆ ਅਤੇ ਆਪਣੇ ਅਸੂਲਾਂ ‘ਤੇ ਡਟੇ ਰਹੇ।
ਦੂਜੇ ਬੰਨੇ ਭਾਜਪਾ ਆਗੂ ਤਰੁਣ ਚੁੱਘ ਨੇ ਵੀ ਇਸ ਕੇਸ ਨੂੰ ਲੈ ਕੇ ਟਾਈਟਲਰ ਖ਼ਿਲਾਫ਼ ਦੋਸ਼ ਆਇਦ ਕਰਨ ਦੇ ਹੁਕਮਾਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ। ਚੁੱਘ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੱਜ ਸੱਚ ਦੀ ਜਿੱਤ ਹੋਈ ਹੈ ਅਤੇ ਸਿੱਖਾਂ ਦਾ ਕਤਲੋਗੈਰਤ ਕਰਨ ਵਾਲੀ ਕਾਂਗਰਸ ਪਾਰਟੀ ਦੀ ਹਾਰ ਹੋਈ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਿੱਖਾਂ ਨੂੰ ਕਤਲ ਕਰਨ ਵਾਲੇ ਕਾਂਗਰਸ ਆਗੂਆਂ ਨੂੰ ਬਚਾਉਣ ਦਾ ਕੰਮ ਹਮੇਸ਼ਾਂ ਹੀ ਕਾਂਗਰਸ ਪਾਰਟੀ ਨੇ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ 1984 ਦੇ ਵਿੱਚ ਗੁਰਦਵਾਰਿਆਂ ਨੂੰ ਸਾੜਿਆਂ, ਸਿੱਖਾਂ ਨੂੰ ਮਾਰਿਆਂ ਕਾਂਗਰਸ ਪਾਰਟੀ ਉਨ੍ਹਾਂ ਉੱਚ ਅਹੁਦਿਆਂ ‘ਤੇ ਬਿਠਾਇਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰ ਮੋਦੀ ਨੇ ਸਿੱਖਾਂ ਨੂੰ ਸਮਝਦਿਆਂ ਹੋਇਆ 2014 ਦੇ ਵਿੱਚ ਸਿੱਟ ਬਣਾਈ ਅਤੇ ਗੁਨਾਹਗਾਰ ਜੇਲ੍ਹਾਂ ਵਿੱਚ ਜਾਣਾ ਸ਼ੁਰੂ ਹੋਏ।
ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆਂ ਕਿਹਾ ਕਿ ਸਿੱਖਾਂ ਨੂੰ ਮਾਰਨ ਵਾਲਾ ਸੱਜਣ ਕੁਮਾਰ ਭਾਵੇਂ ਅੱਜ ਜੇਲ੍ਹ ਦੇ ਵਿੱਚ ਬੰਦ ਹੈ ਪਰ ਅੱਜ ਵੀ ਉਹ ਕਾਂਗਰਸ ਪਾਰਟੀ ਦਾ ਇੱਕ ਵਰਕਰ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਿੱਖਾਂ ਦੇ ਜ਼ਖ਼ਮਾਂ ਦੇ ਲੁਣ ਛਿੜਕਣ ਦਾ ਕੰਮ ਕਿਸੇ ਨੇ ਕੀਤਾ ਹੈ ਤਾਂ ਉਹ ਗਾਂਧੀ ਪਰਿਵਾਰ ਨੇ ਕੀਤਾ ਹੈ।
ਇਸ ਤੋਂ ਪਹਿਲਾਂ 19 ਜੁਲਾਈ ਨੂੰ ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੇ ਇਸ ਮਾਮਲੇ ਵਿੱਚ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਮਾਮਲੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਕ ਗਵਾਹ ਨੇ ਆਰੋਪ ਲਾਇਆ ਸੀ ਕਿ ਟਾਈਟਲਰ 1 ਨਵੰਬਰ 1984 ਨੂੰ ਗੁਰਦੁਆਰਾ ਪੁਲ ਬੰਗਸ਼ ਦੇ ਸਾਹਮਣੇ ਅੰਬੈਸਡਰ ਕਾਰ ਤੋਂ ਉਤਰੇ ਅਤੇ ਭੀੜ ਨੂੰ ਸਿੱਖਾਂ ਦੇ ਕਤਲ ਲਈ ਉਕਸਾਇਆ।
ਸੀਬੀਆਈ ਨੇ ਇਹ ਕੀਤਾ ਸੀ ਦਾਅਵਾ
ਸੀਬੀਆਈ ਨੇ ਆਪਣੀ ਚਾਰਜਸ਼ੀਟ ਵਿੱਚ ਕਿਹਾ ਸੀ ਕਿ ਸਿੱਖ ਦੰਗਿਆਂ ਦੌਰਾਨ ਪੁਲ ਬੰਗਸ਼ ਗੁਰਦੁਆਰੇ ਦੇ ਆਜ਼ਾਦ ਮਾਰਕੀਟ ਇਲਾਕੇ ਵਿੱਚ ਮੌਜੂਦ ਜਗਦੀਸ਼ ਟਾਈਟਲਰ ਨੇ ਭੀੜ ਨੂੰ ਭੜਕਾਇਆ ਸੀ, ਜਿਸ ਤੋਂ ਬਾਅਦ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਹਿੰਸਾ ਵਿੱਚ ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਮਾਰੇ ਗਏ ਸਨ। ਸੀਬੀਆਈ ਨੇ ਟਾਈਟਲਰ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 147 (ਦੰਗੇ), 109 (ਉਕਸਾਉਣ) ਅਤੇ 302 (ਕਤਲ) ਦੇ ਤਹਿਤ ਦੋਸ਼ੀ ਠਹਿਰਾਇਆ ਸੀ।
ਸੀਬੀਆਈ ਨੂੰ ਘਟਨਾ ਦੇ 39 ਸਾਲ ਬਾਅਦ ਟਾਈਟਲਰ ਖ਼ਿਲਾਫ਼ ਨਵੇਂ ਸਬੂਤ ਮਿਲੇ ਸਨ। ਸੀਬੀਆਈ ਨੇ ਟਾਈਟਲਰ ਦੇ ਭਾਸ਼ਣ ਦੀ ਆਡੀਓ ਕਲਿੱਪ ਜਾਂਚ ਲਈ ਸੀਐਫਐਸਐਲ ਲੈਬ ਨੂੰ ਭੇਜੀ ਸੀ। ਸੀਐਫਐਸਐਲ ਲੈਬ ਵਿੱਚ ਟਾਈਟਲਰ ਦੀਆਂ ਆਡੀਓ ਕਲਿੱਪਾਂ ਦਾ ਮੇਲ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਕਿਸੇ ਵੀ ਵਿਅਕਤੀ ਦੀ ਆਵਾਜ਼ ਕਈ ਸਾਲਾਂ ਬਾਅਦ ਵੀ ਉਹ ਜਿਹੀ ਹੀ ਰਹਿੰਦੀ ਹੈ।
ਆਵਾਜ਼ ਵਿੱਚ ਸਮੱਸਿਆ ਉਦੋਂ ਹੀ ਆਉਂਦੀ ਹੈ ਜਦੋਂ ਖਰਾਬ ਸਿਹਤ ਕਾਰਨ ਵੋਕਲ ਕੋਰਡ ਖਰਾਬ ਹੋ ਜਾਂਦੀ ਹੈ। ਨਹੀਂ ਤਾਂ ਆਵਾਜ਼ ਵਿੱਚ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਲਈ ਜਦੋਂ ਦੰਗਿਆਂ ਦੇ 39 ਸਾਲਾਂ ਬਾਅਦ ਟਾਈਟਲਰ ਦੀ ਆਵਾਜ਼ ਮੇਲ ਖਾਦੀ ਤਾਂ ਸਥਿਤੀ ਸਪੱਸ਼ਟ ਹੋ ਗਈ। 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸ ਦੇ ਸਿੱਖ ਅੰਗ ਰੱਖਿਅਕਾਂ ਵੱਲੋਂ ਹੱਤਿਆ ਕਰਨ ਤੋਂ ਬਾਅਦ ਦਿੱਲੀ ਅਤੇ ਹੋਰ ਇਲਾਕਿਆਂ ਵਿੱਚ ਸਿੱਖ ਭਾਈਚਾਰੇ ‘ਤੇ ਹਮਲੇ ਹੋਏ ਸਨ। ਕੁਝ ਹੀ ਸਮੇਂ ਵਿਚ ਇਸ ਨੇ ਹਿੰਸਾ ਦਾ ਰੂਪ ਧਾਰਨ ਕਰ ਲਿਆ ਸੀ।
ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ ਨੂੰ ਹੋਵੇਗੀ। ਪੀੜਤ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਹੁਣ ਇੱਕ ਉਮੀਦ ਜਾਗੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ਼ ਮਿਲੇ। ਇਸ ਦੌਰਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ 40 ਸਾਲਾਂ ਦੀ ਲੜਾਈ ਦਾ ਵੱਡਾ ਸੰਘਰਸ਼ ਸੀ ਅਤੇ ਇਸ ਸੰਘਰਸ਼ ਦੌਰਾਨ ਕਈ ਲੋਕ ਆਏ ਅਤੇ ਕਈ ਲੋਕ ਇਸ ਜ਼ਿੰਦਗੀ ਤੋਂ ਚਲੇ ਗਏ। ਅਸੀਂ ਇਹ ਲੜਾਈ ਲਗਾਤਾਰ ਲੜ ਰਹੇ ਸੀ ਅਤੇ ਅੱਜ ਮਿਲੀ ਰਾਹਤ ਪੀੜਤ ਪਰਿਵਾਰ ਲਈ ਵੱਡੀ ਆਸ ਦੀ ਕਿਰਨ ਹੈ।