ਨਵੀਂ ਦਿੱਲੀ : ਸਾਲ 2023 ਤੋਂ 2027 ਦਰਮਿਆਨ ਸਭ ਤੋਂ ਵੱਧ ਗਰਮੀ ਪੈਣ ਵਾਲੀ ਹੈ। ਜੀ ਹਾਂ ਅਗਲੇ ਪੰਜ ਸਾਲਾਂ ‘ਚ ਗਲੋਬਲ ਤਾਪਮਾਨ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਹ ਵੀ ਭਵਿੱਖਬਾਣੀ ਕੀਤੀ ਗਈ ਹੈ ਕਿ ਇਨ੍ਹਾਂ ਪੰਜ ਸਾਲਾਂ ਵਿੱਚ ਇੱਕ ਅਜਿਹਾ ਸਾਲ ਆਵੇਗਾ, ਜੋ 2016 ਦਾ ਤਾਪਮਾਨ ਰਿਕਾਰਡ ਵੀ ਤੋੜ ਦੇਵੇਗਾ। ਸੰਯੁਕਤ ਰਾਸ਼ਟਰ ਦੇ ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਇਹ ਜਾਣਕਾਰੀ ਦਿੱਤੀ ਹੈ।
ਵਰਲਡ ਮੈਟਰੋਲੋਜੀਕਲ ਆਰਗੇਨਾਈਜ਼ੇਸ਼ਨ (WMO) ਦੇ ਮੁਤਾਬਕ ਅਗਲੇ ਪੰਜ ਸਾਲਾਂ ਵਿੱਚ ਰਿਕਾਰਡ ਪੱਧਰ ਦੀ ਗਰਮੀ ਦੇ ਰਿਕਾਰਡ ਹੋਣ ਦੀ 98 ਪ੍ਰਤੀਸ਼ਤ ਸੰਭਾਵਨਾ ਹੈ।
WMO ਨੇ ਚੇਤਾਵਨੀ ਜਾਰੀ ਕੀਤੀ ਹੈ
ਸੰਯੁਕਤ ਰਾਸ਼ਟਰ ਨੇ ਗ੍ਰੀਨਹਾਊਸ ਗੈਸਾਂ ਅਤੇ ਐਲ ਨੀਨੋ ਕਾਰਨ ਤਾਪਮਾਨ ਵਧਣ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਸ ਦੇ ਜਲਵਾਯੂ ਪਰਿਵਰਤਨ ਦੀ ਤੇਜ਼ੀ ਕਾਰਨ ਹੋਰ ਵਧਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਸੰਸਥਾ ਦੇ ਜਨਰਲ ਸਕੱਤਰ ਪ੍ਰੋਫੈਸਰ ਪੀਟਰੀ ਤਲਾਸ ਨੇ ਕਿਹਾ ਕਿ ਇਨ੍ਹਾਂ ਪੰਜ ਸਾਲਾਂ ਵਿੱਚ ਇਸ ਦੇ ਸਿਹਤ, ਭੋਜਨ ਸੁਰੱਖਿਆ, ਜਲ ਪ੍ਰਬੰਧਨ ਅਤੇ ਵਾਤਾਵਰਣ ‘ਤੇ ਦੂਰਗਾਮੀ ਪ੍ਰਭਾਵ ਹੋਣਗੇ, ਜਿਸ ਲਈ ਸਾਨੂੰ ਤਿਆਰ ਰਹਿਣ ਦੀ ਲੋੜ ਹੈ। ਵਰਲਡ ਮੈਟਰੋਲੋਜੀਕਲ ਆਰਗੇਨਾਈਜ਼ੇਸ਼ਨ ਨੇ ਕਿਹਾ ਕਿ ਪੈਰਿਸ ਜਲਵਾਯੂ ਸਮਝੌਤੇ ਵਿੱਚ ਜੋ ਗਲੋਬਲ ਤਾਪਮਾਨ ਤੈਅ ਕੀਤਾ ਗਿਆ ਸੀ, ਉਸ ਤੋਂ ਪਾਰ ਜਾਣ ਵਾਲਾ ਹੈ।
ਡਬਲਯੂਐਮਓ ਨੇ ਕਿਹਾ ਕਿ ਇਸ ਗੱਲ ਦੀ 66 ਪ੍ਰਤੀਸ਼ਤ ਸੰਭਾਵਨਾ ਹੈ ਕਿ 2023-2027 ਦੇ ਵਿਚਕਾਰ ਸਾਲਾਨਾ ਗਲੋਬਲ ਸਤਹ ਤਾਪਮਾਨ 1.5 ਡਿਗਰੀ ਸੈਲਸੀਅਸ ਤੋਂ ਵੱਧ ਜਾਵੇਗਾ। ਇਨ੍ਹਾਂ ਪੰਜ ਸਾਲਾਂ ਵਿੱਚ ਹਰ ਸਾਲ ਲਈ 1.1C ਤੋਂ 1.8C ਦੀ ਸੀਮਾ ਰੱਖੀ ਗਈ ਹੈ।
ਸੰਯੁਕਤ ਰਾਸ਼ਟਰ ਮੌਸਮ ਏਜੰਸੀ ਦੇ ਮੁਖੀ ਪੈਟਰੀ ਤਲਾਸ ਨੇ ਕਿਹਾ ਕਿ WMO ਲਈ ਖ਼ਤਰੇ ਦੀ ਘੰਟੀ ਵੱਜ ਰਹੀ ਹੈ ਕਿ ਅਸੀਂ ਅਸਥਾਈ ਤੌਰ ‘ਤੇ 1.5 ਸੈਲਸੀਅਸ ਦੇ ਪੱਧਰ ਨੂੰ ਪਾਰ ਕਰ ਲਵਾਂਗੇ। ਏਜੰਸੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਅਲ-ਨੀਨੋ ਦੇ ਵਿਕਾਸ ਦੀ ਮਜ਼ਬੂਤ ਸੰਭਾਵਨਾ ਹੈ।
ਅਲ ਨੀਨੋ ਸਤੰਬਰ ਤੱਕ 80 ਫੀਸਦੀ ਵਿਕਸਿਤ ਹੋ ਜਾਵੇਗਾ
ਤੁਹਾਨੂੰ ਦੱਸ ਦੇਈਏ ਕਿ ਅਲ ਨੀਨੋ ਪ੍ਰਸ਼ਾਂਤ ਮਹਾਸਾਗਰ ਵਿੱਚ ਆਉਣ ਵਾਲਾ ਇੱਕ ਤਰ੍ਹਾਂ ਦਾ ਮੌਸਮੀ ਬਦਲਾਅ ਹੈ। ਇਸ ਦੌਰਾਨ ਮੌਸਮ ਕਦੇ ਵੀ ਬਦਲ ਸਕਦਾ ਹੈ। ਬੇਮੌਸਮੀ ਬਾਰਸ਼, ਅੱਤ ਦੀ ਗਰਮੀ, ਕਈ ਵਾਰ ਠੰਡ ਵਰਗੇ ਹਾਲਾਤ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਐਲ ਨੀਨੋ ਦੇ ਵਿਕਾਸ ਤੋਂ ਬਾਅਦ 2024 ਵਿੱਚ ਵਿਸ਼ਵ ਦਾ ਤਾਪਮਾਨ ਵਧੇਗਾ। WMO ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਐਲ ਨੀਨੋ ਦੇ ਵਿਕਾਸ ਦੀ ਸੰਭਾਵਨਾ ਜੁਲਾਈ ਦੇ ਅੰਤ ਤੱਕ 60 ਫੀਸਦੀ ਅਤੇ ਸਤੰਬਰ ਦੇ ਅੰਤ ਤੱਕ 80 ਫੀਸਦੀ ਹੈ।