‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਸ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ 22 ਦੇ ਕਰੀਬ ਸਾਡੇ ਕਿਸਾਨ ਸ਼ਹੀਦ ਹੋ ਗਏ ਹਨ। ਅੱਜ ਉਨ੍ਹਾਂ ਦੀ ਸ਼ਹਦਾਤ ਨੂੰ ਸ਼ਹੀਦੀ ਦਿਹਾੜੇ ਵਜੋਂ ਮਨਾ ਰਹੇ ਹਾਂ। ਅੱਜ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਅਰਦਾਸਾਂ ਕੀਤੀਆਂ ਗਈਆਂ ਹਨ। ਸ਼ਾਮ ਨੂੰ ਉਨ੍ਹਾਂ ਦੀ ਯਾਦ ਵਿੱਚ ਮੋਮਬੱਤੀਆਂ ਚਲਾਈਆਂ ਜਾਣਗੀਆਂ।
ਪੰਧੇਰ ਨੇ ਪੂਰੇ ਦੇਸ਼ ਨੂੰ ਅੱਜ ਮੋਮਬੱਤੀਆਂ ਚਲਾ ਕੇ ਅਰਦਾਸ ਕਰਕੇ ਇਸ ਦਿਹਾੜੇ ਨੂੰ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਲੀਡਰਾਂ ਨੂੰ ਬਦਨਾਮ ਕਰਨ ਦੇ ਲਈ ਉਨ੍ਹਾਂ ਖਿਲਾਫ ਸਾਜਿਸ਼ਾਂ ਰਚ ਰਹੀ ਹੈ। ਉਨ੍ਹਾਂ ਮੋਦੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜਿੰਨਾ ਜ਼ੋਰ ਤੁਸੀਂ ਸਾਡੇ ਅੰਦੋਲਨ ਨੂੰ ਬਦਨਾਮ ਕਰਨ ਵਿੱਚ ਲਗਾ ਰਹੇ ਹੋ, ਉਹੀ ਤੁਸੀਂ ਸਾਕਾਰਾਤਮਕ ਢੰਗ ਦੇ ਨਾਲ ਖੇਤੀ ਕਾਨੂੰਨਾਂ ਨੂੰ ਰੱਦ ਕਰੋ। ਇਸਦਾ ਸਿਹਰਾ ਵੀ ਤੁਸੀਂ ਭਾਵੇਂ ਆਪਣੇ ਸਿਰ ਲੈ ਲਿਉ। ਤੁਹਾਨੂੰ ਲੋਕਤੰਤਰ ਵਿੱਚ ਭਾਰਤ ਦੇ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ।
ਪੰਧੇਰ ਨੇ ਕਿਸਾਨਾਂ ਨੂੰ ਲੰਮੀ ਲੜਾਈ ਲੜਨ ਲਈ ਤਿਆਰ ਰਹਿਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਇਹ ਅੰਦੋਲਨ ਮੁੱਕਣ ਵਾਲਾ ਨਹੀਂ ਹੈ, ਸੰਘਰਸ਼ ਲੰਮਾ ਚੱਲੇਗਾ। ਉਨ੍ਹਾਂ ਨੇ ਲੋਕਾਂ ਨੂੰ ਪਿੰਡਾਂ ਵਿੱਚ ਲੱਖਾਂ ਰੁਪਏ ਜਮ੍ਹਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਅਗਲੀ ਰਣਨੀਤੀ ਦਾ ਐਲਾਨ ਕਰਨਗੇ।