India

ਰਾਹੁਲ ਗਾਂਧੀ ਦੇ ਹੱਕ ਵਿੱਚ ਉੱਠੀ ਆਵਾਜ਼,ਕੀਤੀ ਕਾਰਵਾਈ ਨੂੰ ਦੱਸਿਆ ਗਿਆ ਤਾਨਾਸ਼ਾਹੀ ਵਾਲਾ ਰਵੱਈਆ

ਦਿੱਲੀ : ਸਾਬਕਾ ਕਾਂਗਰਸੀ ਪ੍ਰਧਾਨ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਨੂੰ ਰੱਦ ਕਰਨ ਦੀ ਕਾਰਵਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਤਾਨਾਸ਼ਾਹੀ ਵਾਲੀ ਕਾਰਵਾਈ ਦੱਸਿਆ ਹੈ। ਉਹਨਾਂ ਕਿਹਾ ਹੈ ਕਿ ਬੇਸ਼ਕ ਪਾਰਟੀ ਦੇ ਕਾਂਗਰਸ ਨਾਲ ਮਤਭੇਦ ਹਨ,ਉਹ ਰਾਹੁਲ ਗਾਂਧੀ ਦੀਆਂ ਨੀਤੀਆਂ ਦੇ ਖਿਲਾਫ਼ ਹਨ ਪਰ ਇਸ ਸਾਰੀ ਕਾਰਵਾਈ ਦੀ ਸ਼੍ਰੋਮਣੀ ਅਕਾਲੀ ਦਲ ਨਿੰਦਾ ਕਰਦਾ ਹੈ।

ਡਾ. ਚੀਮਾ ਨੇ ਇਹ ਵੀ ਕਿਹਾ ਕਿ ਘਟੋ-ਘੱਟ ਉਹਨਾਂ ਨੂੰ ਹਾਈ ਕੋਰਟ ਵਿੱਚ ਅਪੀਲ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ।

ਡਾ.ਦਲਜੀਤ ਸਿੰਘ ਚੀਮਾ, ਆਗੂ ਸ਼੍ਰੋਮਣੀ ਅਕਾਲੀ ਦਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੇ ਵੀ ਰਾਹੁਲ ਗਾਂਧੀ ਦੇ ਹੱਕ ਵਿੱਚ ਟਵੀਟ ਕਰਦੇ ਹੋਏ ਲਿੱਖਿਆ ਹੈ ਕਿ ਉਹਨਾਂ ਨੂੰ ਲੋਕ ਸਭਾ ਤੋਂ ਬਾਹਰ ਕਰਨਾ ਹੈਰਾਨ ਕਰਨ ਵਾਲਾ ਹੈ। ਦੇਸ਼ ਬਹੁਤ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ। ਸਰਕਾਰ ‘ਤੇ ਅਸਿੱਧੇ ਤੌਰ ‘ਤੇ ਨਿਸ਼ਾਨਾ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਹਨਾਂ ਨੇ ਪੂਰੇ ਦੇਸ਼ ਨੂੰ ਡਰਾ ਕੇ ਰੱਖ ਦਿੱਤਾ ਹੈ। 130 ਕਰੋੜ ਲੋਕਾਂ ਨੂੰ ਇਹਨਾਂ ਦੀ ਹੰਕਾਰੀ ਸ਼ਕਤੀ ਵਿਰੁੱਧ ਇਕਜੁੱਟ ਹੋਣਾ ਪਵੇਗਾ।

ਇਸ ਤੋਂ ਪਹਿਲਾਂ ਰਾਹੁਲ ਨੂੰ ਅਪਰਾਧਿਕ ਮਾਣਹਾਨੀ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਤਿੱਖਾ ਪ੍ਰਤੀਕਰਮ ਦਿੱਤਾ ਸੀ। ਪਾਰਟੀ ਨੇ ਸੱਤਾਧਾਰੀ ਭਾਜਪਾ ‘ਤੇ ਬਦਲਾਖੋਰੀ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਪਾਰਟੀ ਨੇ ਸੋਮਵਾਰ ਤੋਂ ਇਸ ਮੁੱਦੇ ‘ਤੇ ਦੇਸ਼ ਭਰ ‘ਚ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ”ਇਹ ਸਭ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਸੰਸਦ ਤੋਂ ਬਾਹਰ ਰੱਖਣ ਦੀ ਕੋਸ਼ਿਸ਼ ਹੈ। ਕਿਉਂਕਿ ਉਹ ਸੱਚ ਬੋਲਦਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਇਸ ਸਰਕਾਰ ਨੂੰ ਸਵਾਲ ਪੁੱਛਦੇ ਰਹਿਣਗੇ ਅਤੇ ਲੋਕਾਂ ਦੀ ਆਵਾਜ਼ ਉਠਾਉਂਦੇ ਰਹਿਣਗੇ।