Punjab

ਅਸ਼ਲੀਲ ਹਰਕਤਾਂ ਕਰਨ ਵਾਲੇ ਚੱਢਾ ਦੇ ਖਿਲਾਫ ਨਿੱਤਰੀ ਪੀੜਤ ਪ੍ਰਿੰਸੀਪਲ ਅਕਾਲ ਤਖਤ ਸਾਹਿਬ ਪਹੁੰਚੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ‘ਤੇ ਕਿਸੇ ਵੀ ਸਮਾਜਿਕ, ਧਾਰਮਿਕ ਅਤੇ ਸਿਆਸੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਨ ’ਤੇ ਲਾਈ ਰੋਕ ਹਟਾਉਣ ‘ਤੇ ਰਵਿੰਦਰ ਕੌਰ, ਜੋ ਕਿ ਚੀਫ ਖਾਲਸਾ ਦੀਵਾਨ ਹੇਠ ਚੱਲਦੇ ਇੱਕ ਸਕੂਲ ਦੀ ਸਾਬਕਾ ਪ੍ਰਿੰਸੀਪਲ ਹੈ, ਉਸ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਚੱਢਾ ਨੂੰ ਦਿੱਤੀ ਮੁਆਫੀ ਦੇ ਫੈਸਲੇ ‘ਤੇ ਰੋਕ ਲਗਾਉਣ ਅਤੇ ਚੱਢਾ ਨੂੰ ਦਿੱਤੀ ਗਈ ਕਲੀਨ ਚਿੱਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਰਵਿੰਦਰ ਕੌਰ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਪੱਖ ਰੱਖਣ ਦਾ ਇੱਕ ਮੌਕਾ ਦਿੱਤੇ ਜਾਣ ਦੀ ਵੀ ਮੰਗ ਕੀਤੀ।

ਰਵਿੰਦਰ ਕੌਰ ਨੇ ਚਿੱਠੀ ਵਿੱਚ ਲਿਖਿਆ ਹੈ ਕਿ ‘ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਮੈਨੂੰ ਮੇਰਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ ਪਰ ਮੇਰੀ ਅਪੀਲ ‘ਤੇ ਕੋਈ ਵਿਚਾਰ ਨਹੀਂ ਕੀਤਾ ਗਿਆ। ਚਰਨਜੀਤ ਚੱਢਾ ਖਿਲਾਫ ਅਦਾਲਤ ‘ਚ ਕਈ ਕੇਸ ਚੱਲ ਰਹੇ ਹਨ। ਸੈਸ਼ਨ ਕੋਰਟ ਅੰਮ੍ਰਿਤਸਰ ‘ਚ ਮੇਰੇ ਵੱਲੋਂ ਦਰਜ ਸ਼ਿਕਾਇਤ ‘ਤੇ ਦਸੰਬਰ, 2017 ਦਾ ਮਾਮਲਾ ਵਿਚਾਰ ਅਧੀਨ ਹੈ।’

ਰਵਿੰਦਰ ਕੌਰ ਨੇ ਕਿਹਾ ਕਿ ਚਰਨਜੀਤ ਚੱਢਾ ‘ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਰੋਕ ਹਟਾਉਣ ‘ਤੇ ਮੇਰੇ ਅਦਾਲਤੀ ਕੇਸਾਂ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਮੈਂ ਤਿੰਨ ਸਾਲਾਂ ਤੋਂ ਸਮਾਜਿਕ ਅਤੇ ਮਾਨਸਿਕ ਤੌਰ ‘ਤੇ ਬਹੁਤ ਪਰੇਸ਼ਾਨੀਆਂ ਝੱਲ ਰਹੀ ਹਾਂ ਅਤੇ ਸਮਾਜ ਵਿੱਚ ਵਿਚਰਨ ਲਈ ਸੰਘਰਸ਼ ਕਰ ਰਹੀ ਹਾਂ ਅਤੇ ਆਪਣੀ ਖੋਹੀ ਹੋਈ ਮਾਣ ਮਰਿਯਾਦਾ ਲਈ ਕਾਨੂੰਨੀ ਲੜਾਈ ਲੜ ਰਹੀ ਹਾਂ। ਇਸ ਲਈ ਚੱਢਾ ਨੂੰ ਦਿੱਤੀ ਕਲੀਨ ਚਿੱਟ ‘ਤੇ ਰੋਕ ਲਾਈ ਜਾਵੇ ਅਤੇ ਇੱਕ ਵਾਰ ਮੇਰਾ ਪੱਖ ਜ਼ਰੂਰ ਸੁਣਿਆ ਜਾਵੇ।

ਰਵਿੰਦਰ ਕੌਰ ਨੇ ਕਿਹਾ ਕਿ ਚੱਢਾ ਨੇ ਮੇਰਾ ਪਰਿਵਾਰ ਤਬਾਹ ਕਰ ਦਿੱਤਾ ਹੈ। ਚੱਢਾ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਆਪਣੇ ਨਿੱਜੀ ਦਫਤਰ ਵਿੱਚ ਖੁਫੀਆ ਕੈਮਰੇ ਲਗਾ ਕੇ ਉਸ ‘ਤੇ ਉਨ੍ਹਾਂ ਦੀਆਂ ਵੀਡੀਓ ਬਣਾਈਆਂ ਅਤੇ ਮੈਨੂੰ ਬਲੈਕਮੇਲ ਕੀਤਾ ਗਿਆ। ਰਵਿੰਦਰ ਕੌਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਚੱਢਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।

ਰਵਿੰਦਰ ਕੌਰ ਨੂੰ ਚੱਢਾ ਦੇ ਨਾਲ ਇੱਕ ਅਸ਼ਲੀਲ ਵੀਡੀਓ ਵਿੱਚ ਵੇਖਿਆ ਗਿਆ ਸੀ ਅਤੇ ਵੀਡੀਓ ਵਾਇਰਲ ਹੋਣ ਮਗਰੋਂ ਉਸਨੇ ਚਰਨਜੀਤ ਚੱਢਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਦਸੰਬਰ, 2017 ‘ਚ ਵੀਡੀਓ ਜਾਰੀ ਹੋਣ ਮਗਰੋਂ ਰਵਿੰਦਰ ਕੌਰ ਦੀ ਸ਼ਿਕਾਇਤ ‘ਤੇ ਹੀ ਚੱਢਾ ਖਿਲਾਫ ਕੇਸ ਦਰਜ ਕੀਤਾ ਗਿਆ ਸੀ।