ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ (PU) ਦੇ ਵਾਈਸ ਚਾਂਸਲਰ (VC) ਪ੍ਰੋਫੈਸਰ ਰਾਜ ਕੁਮਾਰ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੀ ਥਾਂ ‘ਤੇ ਡੀਯੂਆਈ (ਡੀਨ ਆਫ਼ ਯੂਨੀਵਰਸਿਟੀ ਇੰਸਟ੍ਰਕਸ਼ਨ) ਰੇਣੂ ਵਿਜ ਨੂੰ 16 ਜਨਵਰੀ ਤੋਂ ਕਾਰਜਕਾਰੀ ਵੀਸੀ ਬਣਾਇਆ ਗਿਆ ਹੈ। ਉਕਤ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਚਾਂਸਲਰ ਅਤੇ ਉਪ ਪ੍ਰਧਾਨ ਜਗਦੀਪ ਧਨਖੜ ਨੇ ਵੀਸੀ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ।
ਸਤਿਆਪਾਲ ਜੈਨ ਨੇ ਡਾ. ਰੇਨੂ ਨੂੰ ਨਵੀਂ ਜ਼ਿੰਮੇਵਾਰੀ ਦੀ ਵਧਾਈ ਦਿੰਦਿਆਂ ਉਹਨਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦੁਆਇਆ ਹੈ। ਦੱਸਣਯੋਗ ਹੈ ਡਾ. ਰਾਜ ਕੁਮਾਰ ਦੀ ਨਿਯੁਕਤੀ 2018 ਵਿਚ ਹੋਈ ਸੀ ਜਿਸ ਮਗਰੋਂ 2021 ਵਿਚ ਉਹਨਾਂ ਨੂੰ ਐਕਸਟੈਂਸ਼ਨ ਮਿਲੀ ਸੀ ਜਿਸਦਾ ਡੇਢ ਸਾਲ ਦਾ ਕਾਰਜਕਾਲ ਹਾਲੇ ਰਹਿੰਦਾ ਸੀ। ਵਾਈਸ ਚਾਂਸਲਰ ਵਜੋਂ ਡਾ. ਰਾਜ ਕੁਮਾਰ ਨੇ 10 ਜਨਵਰੀ ਨੂੰ ਅਸਤੀਫਾ ਦੇ ਦਿੱਤਾ ਸੀ ਜੋ 13 ਨੂੰ ਪ੍ਰਵਾਨ ਹੋ ਗਿਆ ਸੀ ਪਰ ਇਹ ਗੱਲ ਭੇਦ ਬਣਾ ਕੇ ਰੱਖੀ ਗਈ ਸੀ। ਡਾ. ਰਾਜ ਕੁਮਾਰ ਦੇ ਖਿਲਾਫ ਕਾਫੀ ਦੋਸ਼ ਲੱਗੇ ਸਨ। ਡਾ. ਰਾਜ ਕੁਮਾਰ ਨੇ ਅਸਤੀਫੇ ਵਿਚ ਨਿੱਜੀ ਕਾਰਨਾਂ ਕਾਰਨ ਅਸਤੀਫਾ ਦੇਣ ਦੀ ਗੱਲ ਆਖੀ ਹੈ।
ਦੱਸ ਦੇਈਏ ਕਿ ਉਨ੍ਹਾਂ ਦੇ ਕਾਰਜਕਾਲ ਦੇ ਆਖਰੀ ਸਮੇਂ ‘ਚ ਉਨ੍ਹਾਂ ਨਾਲ ਕਈ ਵਿਵਾਦ ਵੀ ਜੁੜੇ ਸਨ। ਪ੍ਰੋਫੈਸਰ ਰਾਜ ਕੁਮਾਰ ਨੂੰ 23 ਜੁਲਾਈ 2018 ਨੂੰ ਵੀਸੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ 23 ਜੁਲਾਈ 2021 ਨੂੰ ਉਨ੍ਹਾਂ ਦਾ ਕਾਰਜਕਾਲ ਹੋਰ 3 ਸਾਲ ਲਈ ਵਧਾ ਦਿੱਤਾ ਗਿਆ।