‘ਦ ਖ਼ਾਲਸ ਬਿਊਰੋ :- ਅਮਰੀਕਾ ਮੁੜ ਯੂਐੱਨ ਮਨੁੱਖੀ ਅਧਿਕਾਰ ਕੌਂਸਲ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਇਸ ਹਫ਼ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨਾਲ ਮੁੜ ਜੁੜਨ ਦਾ ਐਲਾਨ ਕਰਨ ਲਈ ਤਿਆਰ ਹੈ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਲਗਭਗ ਤਿੰਨ ਸਾਲ ਪਹਿਲਾਂ ਯੂਐੱਨ ਮਨੁੱਖੀ ਅਧਿਕਾਰ ਕੌਂਸਲ ਨਾਲੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਸੀ।
ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਜਨੇਵਾ ’ਚ ਸੀਨੀਅਰ ਅਮਰੀਕੀ ਸਫ਼ੀਰ ਜਨੇਵਾ ਆਧਾਰਿਤ ਇਸ ਸੰਗਠਨ ਨਾਲ ਦੁਬਾਰਾ ਜੁੜਨ ਦਾ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਅਮਰੀਕਾ ਇਸ ਸੰਗਠਨ ’ਚ ਬਤੌਰ ਨਿਰੀਖਕ ਵਾਪਸੀ ਕਰੇਗਾ ਅਤੇ ਪੂਰੇ ਸਮੇਂ ਲਈ ਮੈਂਬਰ ਬਣਨ ਵਾਸਤੇ ਕਾਰਜਸ਼ੀਲ ਹੋਵੇਗਾ। ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਬਾਇਡਨ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਕੌਂਸਲ ’ਚ ਸੁਧਾਰਾਂ ਦੀ ਲੋੜ ਹੈ ਅਤੇ ਬਦਲਾਅ ਲਿਆਉਣ ਦਾ ਸਹੀ ਢੰਗ ‘ਉਸ ਨਾਲ ਮਿਲ ਕੇ ਸਿਧਾਂਤਕ ਤਰੀਕੇ ਨਾਲ ਕੰਮ ਕਰਨਾ ਹੈ।’