‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ ਨੇ ਯੂਕਰੇਨ ਖੇਤਰ ਵਿੱਚ ਵੱਧਦੇ ਤਣਾਅ ਦੇ ਵਿਚਕਾਰ ਉੱਥੇ ਰਹਿ ਰਹੇ ਆਪਣੇ ਦੂਤਾਵਾਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵਾਪਸ ਜਾਣ ਦੇ ਆਦੇਸ਼ ਜਾਰੀ ਕੀਤੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਦੇ ਨਾਲ ਹੀ ਉਨ੍ਹਾਂ ਸਟਾਫ਼ ਮੈਂਬਰਾਂ ਨੂੰ ਵੀ ਯੂਕਰੇਨ ਛੱਡਣ ਦੀ ਇਜਾਜਤ ਦੇ ਦਿੱਤੀ ਹੈ ਜਿਨ੍ਹਾਂ ਦਾ ਫਿਲਹਾਲ ਉੱਥੇ ਹੋਣਾ ਬਹੁਤ ਜ਼ਰੂਰੀ ਨਹੀਂ ਹੈ। ਅਮਰੀਕਾ ਨੇ ਯੂਕਰੇਨ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਵੀ ਉੱਥੋਂ ਨਿਕਲਣ ਦੇ ਬਾਰੇ ਵਿਚਾਰ ਕਰਨ ਲਈ ਕਿਹਾ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ ਮੁਤਾਬਕ “ਇਸ ਤਰ੍ਹਾਂ ਦੀਆਂ ਰਿਪੋਰਟਸ ਸਾਹਮਣੇ ਆ ਰਹੀਆਂ ਹਨ ਕਿ ਰੂਸ, ਯੂਕਰੇਨ ਖਿਲਾਫ਼ ਵੱਡੀ ਫ਼ੌਜੀ ਕਾਰਵਾਈ ਕਰਨ ਦਾ ਯੋਜਨਾ ਬਣਾ ਰਿਹਾ ਹੈ। “
ਮੌਜੂਦਾ ਸਮੇਂ ਵਿੱਚ ਯੂਕਰੇਨ ਦੀ ਸੀਮਾ ‘ਤੇ ਅਨੁਮਾਨਿਤ ਇੱਕ ਲੱਖ ਰੂਸੀ ਫ਼ੌਜੀ ਤਾਇਨਾਤ ਹਨ। ਨਾਟੋ ਦੇ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਤਾਇਨਾਤੀ ਨਾਲ ਯੂਰੋਪ ਵਿੱਚ ਇੱਕ ਨਵੇਂ ਸੰਘਰਸ਼ ਦਾ ਖਤਰਾ ਹੈ। ਬਰਤਾਨੀਆ ਦੀ ਸਰਕਾਰ ਨੇ ਬਿਆਨ ਜਾਰੀ ਕੀਤਾ ਹੈ ਕਿ ਰੂਸ ਯੂਕਰੇਨ ਦੀ ਸੱਤਾ ਵਿੱਚ ਮਾਸਕੋ ਸਮਰਥਕ ਨੇਤਾ ਨੂੰ ਬਿਠਾਉਣਾ ਚਾਹੁੰਦਾ ਹੈ।