‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਕਿਸਾਨ ਮਜ਼ਦੂਰ ਸੰਘਰਸ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਗੱਲਬਾਤ ਦੇ ਲਈ ਭੇਜੀ ਗਈ ਚਿੱਠੀ ਬਾਰੇ ਕਿਹਾ ਕਿ ਸਰਕਾਰ ਦੀ ਚਿੱਠੀ ਵਿੱਚ ਕੁੱਝ ਵੀ ਨਵਾਂ ਨਹੀਂ ਹੈ ਜੋ ਮਸਲੇ ਦਾ ਹੱਲ ਕਰ ਸਕੇ। ਇਸ ਚਿੱਠੀ ਵਿੱਚ MSP ਦੇ ਕਾਨੂੰਨ ਬਣਾਉਣ ਦੀ ਗੱਲ ਨੂੰ ਸਰਕਾਰ ਨਵੀਂ ਮੰਗ ਲੈ ਕੇ ਖਾਰਜ ਕਰ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿ ਰਹੇ ਹਨ ਕਿ ਅਸੀਂ ਸਾਰੀਆਂ ਫਸਲਾਂ ਨਹੀਂ ਖਰੀਦ ਸਕਦੇ,ਸੋ ਕੇਂਦਰ ਸਰਕਾਰ ਪਿੱਛੇ ਹਟ ਰਹੀ ਹੈ।
ਇਸ ਚਿੱਠੀ ਦੇ ਰਾਹੀਂ ਸਰਕਾਰ ਕਿਸਾਨ ਮਜ਼ਦੂਰ ਅੰਦੋਲਨ ਦੇ ਖਿਲਾਫ ਪ੍ਰਚਾਰ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਪ੍ਰਚਾਰ ਮਾਧਿਅਮਾਂ ਰਾਹੀਂ ਕਿਸਾਨਾਂ ਨੂੰ ਗਲਤ ਠਹਿਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨ ਹੀ ਅੜੀਅਲ ਹਨ, ਕਿਸਾਨ ਹੀ ਸਰਕਾਰ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਚਿੱਠੀ ਵਿੱਚ ਕੋਈ ਗੱਲ ਨਹੀਂ ਹੈ।
ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਚਿੱਠੀਆਂ ਦੇ ਰਾਹੀਂ ਅੰਦੋਲਨ ਨੂੰ ਲੰਮਾ ਲੈ ਕੇ ਜਾਣ ਦਾ ਤਰੀਕਾ ਹੈ। ਪੂਰੇ ਦੇਸ਼ ਵਿੱਚ ਅੰਦੋਲਨ ਤੇਜ਼ ਹੋ ਰਿਹਾ ਹੈ। ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ‘ਤੇ ਬਹੁਤ ਤਸ਼ੱਦਦ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ।
ਪੰਧੇਰ ਨੇ ਕਿਹਾ ਕਿ ਅੱਜ ਗੁਰਦਾਸਪੁਰ, ਕਪੂਰਥਲਾ ਸਮੇਤ ਕਈ ਜ਼ਿਲ੍ਹਿਆਂ ਤੋਂ ਵੱਡੇ ਜਥੇ ਦਿੱਲੀ ਨੂੰ ਕੂਚ ਕਰਨਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਅਡਾਨੀ ਅੰਬਾਨੀ ਦੇ ਪ੍ਰਡਕਟਸ ਦੀ ਪੂਰੀ ਸੂਚੀ ਬਣਾ ਕੇ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਤਾਂ ਜੋ ਕਾਰਪੋਰੇਟ ਘਰਾਣਿਆਂ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇ। ਪੰਧੇਰ ਨੇ ਕਿਹਾ ਕਿ ਅੰਦੋਲਨ ਦਿਨ ਪ੍ਰਤੀ ਦਿਨ ਹੋਰ ਤੇਜ਼ ਹੋ ਰਿਹਾ ਹੈ। ਸ਼ਾਂਤਮਈ ਤਰੀਕੇ ਨਾਲ ਕਿਸਾਨੀ ਅੰਦੋਲਨ ਸਿਖਰਾਂ ਵੱਲ ਵੱਧ ਰਿਹਾ ਹੈ।
Comments are closed.