India

ਪ੍ਰਸ਼ਾਂਤ ਭੂਸ਼ਣ ਦੇ ਇਨ੍ਹਾਂ ਦੋ ਕੇਸਾਂ ‘ਤੇ ਸਰਬਉੱਚ ਅਦਾਲਤ ਅੱਜ ਕਰੇਗੀ ਸੁਣਵਾਈ

‘ਦ ਖ਼ਾਲਸ ਬਿਊਰੋ:- ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਖਿਲਾਫ਼ ਅੱਜ ਸਰਬਉੱਚ ਅਦਾਲਤ ਦੀ ਮਾਣਹਾਨੀ ਦੇ ਦੋ ਮਾਮਲਿਆਂ ਵਿੱਚ ਸੁਣਵਾਈ ਕੀਤੀ ਜਾਵੇਗੀ। ਪ੍ਰਸ਼ਾਂਤ ਭੂਸ਼ਣ ਨੇ ਸਰਬਉੱਚ ਅਦਾਲਤ ਦੇ ਚੀਫ਼ ਜਸਟਿਸ ਦੇ ਬਾਈਕ ’ਤੇ ਸਵਾਰ ਹੋਣ ਦੀ ਤਸਵੀਰ ‘ਤੇ ਇੱਕ ਵਿਵਾਦਿਤ ਟਵੀਟ ਕੀਤਾ ਸੀ। ਸਰਬਉੱਚ ਅਦਾਲਤ ਪ੍ਰਸ਼ਾਂਤ ਭੂਸ਼ਣ ਵੱਲੋਂ ਟਵੀਟ ਕਰਨ ਦੇ ਮਾਮਲੇ ਵਿੱਚ ਦਿੱਤੇ ਗਏ ਬਿਆਨ ’ਤੇ ਸੁਣਵਾਈ ਕਰੇਗੀ।

ਪ੍ਰਸ਼ਾਂਤ ਭੂਸ਼ਣ ਪਹਿਲਾਂ ਹੀ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਹਨ। ਪ੍ਰਸ਼ਾਂਤ ਭੂਸ਼ਣ ਨੇ ਕੱਲ੍ਹ 24 ਅਗਸਤ ਨੂੰ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿੱਚ ਬਿਨਾਂ ਸ਼ਰਤ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ। ਜਸਟਿਸ ਅਰੁਣ ਮਿਸ਼ਰਾ ਦੀ ਬੈਂਚ ਨੇ ਉਨ੍ਹਾਂ ਨੂੰ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਕੁੱਝ ਵਕਤ ਦਿੱਤਾ ਸੀ।

ਪ੍ਰਸ਼ਾਂਤ ਭੂਸ਼ਣ ਦੇ ਖਿਲਾਫ਼ ਦੂਸਰਾ ਮਾਮਲਾ ਵੀ ਅਦਾਲਤ ਦੀ ਮਾਣਹਾਨੀ ਨਾਲ ਜੁੜਿਆ ਹੋਇਆ ਹੈ। ਪ੍ਰਸ਼ਾਂਤ ਭੂਸ਼ਣ ਨੇ 2009 ਵਿੱਚ ਟਵੀਟ ਕੀਤਾ ਸੀ ਕਿ ਬੀਤੇ 16 ਚੀਫ਼ ਜਸਟਿਸਾਂ ਵਿੱਚੋਂ ਅੱਧੇ ਭ੍ਰਿਸ਼ਟ ਹਨ। ਅਦਾਲਤ ਇਸ ਮਾਮਲੇ ਵਿੱਚ ਇਹ ਵਿਚਾਰ ਕਰੇਗੀ ਕਿ ਕੀ ਇਹ ਅਦਾਲਤ ਦੀ ਮਾਣਹਾਨੀ ਹੈ ਜਾਂ ਨਹੀਂ ? ਅੱਜ ਸਰਬਉੱਚ ਅਦਾਲਤ ਇਨ੍ਹਾਂ ਦੋਵਾਂ ਮਸਲਿਆਂ ‘ਤੇ ਸੁਣਵਾਈ ਕਰੇਗੀ।