‘ ਦ ਖ਼ਾਲਸ ਬਿਊਰੋ : ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਦਿਆਂ ਹੀ ਐਲਾਨਾਂ ਦੀ ਝੜੀ ਲਾਉਣੀ ਸ਼ੁਰੂ ਕਰ ਦਿੱਤੀ ਸੀ। ਐਲਾਨਾਂ ਦੀ ਬਰਸਾਤ ਹਾਲੇ ਵੀ ਉਸੇ ਤਰ੍ਹਾਂ ਵਰ੍ਹ ਰਹੀ ਹੈ। ਉਨ੍ਹਾਂ ਉੱਤੇ ਜਲਦ ਹੀ ਐਲਾਨਾਂ ਨੂੰ ਅਮਲ ਰੂਪ ਨਾ ਦੇਣ ਦੇ ਦੋਸ਼ ਲੱਗ ਪਏ ਹਨ। ਐਲਾਨਾਂ ਦੇ ਦਾਅਵਿਆਂ ਅਤੇ ਵਾਅਦਿਆਂ ਦੇ ਕੱਚ-ਸੱਚ ਦਰਮਿਆਨ ਉਨ੍ਹਾਂ ਨੂੰ ਹਾਲ ਦੀ ਘੜੀ ਫਾਇਦਾ ਹੁੰਦਾ ਨਹੀਂ ਲੱਗਦਾ ਪਰ ਵਿਰੋਧ ਤੇਜ਼ ਜ਼ਰੂਰ ਹੋ ਗਿਆ ਹੈ। ਸੂਬੇ ਦੇ ਲੋਕ ਪ੍ਰਤੀਨਿਧਾਂ ਨਾਲ ਕੀਤਾ ਇੱਕ ਹੋਰ ਵਾਅਦਾ ਵਫ਼ਾ ਹੁੰਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਦੇ ਪੰਚ ਅਤੇ ਸਰਪੰਚਾਂ ਸਣੇ ਮੇਅਰ ਅਤੇ ਐੱਮਸੀ ਦੀ ਸਕੱਤਰੇਤ ਵਿੱਚ ਸਿੱਧੀ ਐਂਟਰੀ ਲਈ ਜਾਰੀ ਕੀਤੇ ਜਾਣ ਵਾਲੇ ਆਈਕਾਰਡ ਹਾਲੇ ਤੱਕ ਨਹੀਂ ਬਣੇ। ਲੋਕ ਪ੍ਰਤੀਨਿਧਾਂ ਨੂੰ ਹਾਲੇ ਵੀ ਦਾਖਲੇ ਲਈ ਲਾਈਨ ਵਿੱਚ ਲੱਗ ਕੇ ਧੱਕੇ ਖਾਣੇ ਪੈਂਦੇ ਹਨ। ਮੁੱਖ ਮੰਤਰੀ ਦੀ ਸਕੱਤਰੇਤ ਵਿੱਚੋਂ ਗੈਰ-ਹਾਜ਼ਰੀ ਲੋਕਾਂ ਦੇ ਇਨ੍ਹਾਂ ਪ੍ਰਤੀਨਿਧਾਂ ਨੂੰ ਹੋਰ ਵੀ ਖੜਕਣ ਲੱਗੀ ਹੈ।
ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਆਈਡੀ ਕਾਰਡ ਸਿਰਫ਼ ਸ਼ੋਅ-ਪੀਸ ਨਜ਼ਰ ਆ ਰਹੇ ਹਨ ਕਿਉਂਕਿ ਲੋਕਾਂ ਦੇ ਪ੍ਰਤੀਨਿਧਾਂ ਨੂੰ ਹਾਲੇ ਤੱਕ ਇਹ ਕਾਰਡ ਨਹੀਂ ਮਿਲੇ ਅਤੇ ਨਾ ਹੀ ਕਾਰਡ ਤਿਆਰ ਕਰਨ ਲਈ ਵਿਭਾਗ ਨੂੰ ਕਿਹਾ ਗਿਆ ਹੈ। ਥ੍ਰੀ-ਵੀਲ੍ਹਰ ਚਾਲਕ ਵੀ ਚੰਨੀ ਦੀ ਫੋਟੋ ਵਾਲੇ ਆਈਡੀ ਕਾਰਡ ਦੀ ਉਡੀਕ ਵਿੱਚ ਅੱਖਾਂ ਗੱਡੀ ਬੈਠੇ ਹਨ। ਉਹ ਕਾਰਡ ਜਿਨ੍ਹਾਂ ਨੇ ਥ੍ਰੀ-ਵੀਲ੍ਹਰ ਚਾਲਕਾਂ ਨੂੰ ਟਰਾਂਸਪੋਰਟ ਵਿਭਾਗ ਦੇ ਧੰਦੇ ਅਤੇ ਪੁਲਿਸ ਦੇ ਡੰਡੇ ਤੋਂ ਬਚਾਉਣਾ ਸੀ। ਮੁੱਖ ਮੰਤਰੀ ਚੰਨੀ ਨੇ ਅਹੁਦਾ ਸੰਭਾਲਣ ਤੋਂ ਕੁੱਝ ਦਿਨਾਂ ਬਾਅਦ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਵਿੱਚ ਹੁਣ ਆਮ ਆਦਮੀ ਦੀ ਸਰਕਾਰ ਹੋਣ ਕਰਕੇ ਕਿਸੇ ਵੀ ਲੋਕ ਪ੍ਰਤੀਨਿਧ ਨੂੰ ਉਨ੍ਹਾਂ ਤੱਕ ਪਹੁੰਚ ਕਰਨ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਇੱਥੋਂ ਤੱਕ ਕਿ ਪੰਚ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੱਕ ਸਭ ਨੂੰ ਸਿੱਧੇ ਦਾਖਲੇ ਲਈ ਆਈਡੀ ਕਾਰਡ ਬਣਾ ਦਿੱਤੇ ਜਾਣਗੇ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਇਸ ਨਾਲ ਉਹ ਸਕੱਤਰੇਤ ਵਿੱਚ ਬੈਠੇ ਮੰਤਰੀਆਂ ਨਾਲ ਵੀ ਮੇਲ-ਜੋਲ ਕਰ ਸਕਣਗੇ। ਲੋਕਾਂ ਦੇ ਚੁਣੇ ਨੁਮਾਇੰਦਿਆਂ ਨੂੰ ਸ਼ਨਾਖਤੀ ਕਾਰਡ ਮਿਲੇ ਹੀ ਨਹੀਂ, ਇਸਦੇ ਉਲਟ ਮੰਤਰੀ ਵੀ ਸਕੱਤਰੇਤ ਵਿੱਚ ਬੈਠਣ ਤੋਂ ਹੱਟ ਗਏ ਹਨ। ਮੰਤਰੀਆਂ ਨੂੰ ਆਪਣੀ ਕੁਰਸੀ ਬਚਾਉਣ ਜਾਂ ਫਿਰ ਅਗਲੀਆਂ ਚੋਣਾਂ ਲਈ ਟਿਕਟ ਲੈਣ ਲਈ ਹੰਭਲੇ ਮਾਰਨ ਤੋਂ ਵਿਹਲ ਨਹੀਂ ਮਿਲਦੀ।
ਪੰਜਾਬ ਸਰਕਾਰ ਵੱਲੋਂ ਜਾਰੀ ਹੋਣ ਵਾਲੇ ਇਨ੍ਹਾਂ ਸ਼ਨਾਖਤੀ ਕਾਰਡਾਂ ਉੱਤੇ ਮੁੱਖ ਮੰਤਰੀ ਚੰਨੀ ਦੀ ਫੋਟੋ ਲੱਗਣੀ ਸੀ। ਦਿਲਚਸਪ ਗੱਲ ਇਹ ਹੈ ਕਿ ਆਈਡੀ ਕਾਰਡ ਚਾਹੇ ਪੰਚ-ਸਰਪੰਚ, ਮੇਅਰ, ਐੱਮਸੀ ਜਾਂ ਜ਼ਿਲ੍ਹਾ ਪ੍ਰੀਸ਼ਦ ਜਾਂ ਬਲਾਕ ਸੰਮਤੀਆਂ ਦੇ ਮੈਂਬਰਾਂ ਦੇ ਬਣਾਏ ਜਾਣੇ ਹਨ ਪਰ ਫੋਟੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਲਗਾਈ ਜਾਵੇਗੀ। ਪਤਾ ਲੱਗਾ ਹੈ ਕਿ ਆਈਡੀ ਕਾਰਡ ਚਾਹੇ ਨਹੀਂ ਬਣੇ ਪਰ ਮੁੱਖ ਮੰਤਰੀ ਦੀਆਂ ਤਸਵੀਰਾਂ ਡਿਪਟੀ ਕਮਿਸ਼ਨਰਾਂ ਨੂੰ ਜ਼ਰੂਰ ਭੇਜ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਮੁੱਖ ਮੰਤਰੀ ਨੇ ਦੋ ਦਸੰਬਰ ਨੂੰ ਇੱਕ ਪ੍ਰੈੱਸ ਕਾਨਫਰੰਸ ਕਰਕੇ 60 ਅਹਿਮ ਫੈਸਲਿਆਂ ਨੂੰ ਅਮਲੀ ਰੂਪ ਦੇਣ ਦਾ ਦਾਅਵਾ ਕੀਤਾ ਸੀ ਪਰ ਉਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਹਵਾ ਵਿੱਚ ਲਟਕ ਕੇ ਰਹਿ ਗਏ ਹਨ। ਕਈ ਫ਼ੈਸਲਿਆਂ ਨਾਲ ਸਬੰਧਿਤ ਸਰਕਾਰੀ ਨੋਟੀਫਿਕੇਸ਼ਨਾਂ ਵਿੱਚ ਸੋਧ ਵੀ ਕਰ ਦਿੱਤੀ ਗਈ ਹੈ। ਇੱਥੋਂ ਤੱਕ ਕਿ ਕਈ ਵਾਪਸ ਲੈਣ ਦੀ ਨੌਬਤ ਵੀ ਆਈ ਹੈ। ‘ਦ ਖ਼ਾਲਸ ਟੀਵੀ ਵੱਲ਼ੋਂ ਆਪਣੇ ਹਰਮਨ ਪਿਆਰੇ ਸ਼ੋਅ ਪ੍ਰਾਈਮ ਟਾਈਮ ਵਿੱਚ ਸਮੇਂ-ਸਮੇਂ ਇਨ੍ਹਾਂ ਉੱਤੇ ਪ੍ਰਕਾਸ਼ ਪਾਇਆ ਜਾਂਦਾ ਰਿਹਾ ਹੈ। ਮੁੜ ਸਪੱਸ਼ਟ ਕਰ ਦੇਈਏ ਕਿ ਸਾਡੀ ਇਹ ਲੜੀ ਸਿਰਫ਼ ਤੁਹਾਡੇ ਤੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਾਅਵਿਆਂ ਦਾ ਕੱਚ-ਸੱਚ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਇੱਕ ਯਤਨ ਹੈ