‘ਦ ਖ਼ਾਲਸ ਬਿਊਰੋ : ਕਰੋਨਾ ਦਾ ਖ਼ਤਰਾ ਇੱਕ ਵਾਰ ਫਿਰ ਮੰਡਰਾਉਂਦਾ ਹੋਇਆ ਦਿਸ ਰਿਹਾ ਹੈ। ਚੀਨ, ਅਮਰੀਕਾ, ਜਾਪਾਨ, ਦੱਖਣੀ ਕੋਰੀਆ ਅਤੇ ਬ੍ਰਾਜ਼ੀਲ ਵਿੱਚ ਕਰੋਨਾ ਦੇ ਮਾਮਲੇ ਅਚਾਨਕ ਵਧਣ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਅੱਜ ਦੇਸ਼ ’ਚ ਕੋਵਿਡ-19 ਸਥਿਤੀ ਦੀ ਸਮੀਖਿਆ ਕਰ ਰਹੇ ਹਨ। ਮਹਾਂਮਾਰੀ ਵਿਗਿਆਨੀ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 3 ਮਹੀਨਿਆਂ ਵਿੱਚ ਚੀਨ ਦੇ 60 ਫ਼ੀਸਦ ਤੇ ਦੁਨੀਆ ਦੀ 10 ਫ਼ੀਸਦ ਆਬਾਦੀ ਕੋਵਿਡ ਨਾਲ ਪੀੜਤ ਹੋਵੇਗੀ ਤੇ ਇਸ ਕਾਰਨ ਲੱਖਾਂ ਮੌਤਾਂ ਹੋ ਸਕਦੀਆਂ ਹਨ। ਭਾਰਤ ਵਿੱਚ 1,200 ਮਾਮਲੇ ਸਾਹਮਣੇ ਆ ਰਹੇ ਹਨ, ਜਦੋਂ ਕਿ ਹਫ਼ਤਾਵਾਰੀ ਆਧਾਰ ‘ਤੇ ਦੁਨੀਆ ਭਰ ਵਿੱਚ 35 ਲੱਖ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਚੀਨ ਵਿੱਚ ਸਾਲ 2020 ਤੋਂ ਬਾਅਦ ਹੁਣ ਫਿਰ ਕਰੋਨਾ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਚੀਨ ਨੇ ਹਾਲ ਹੀ ਵਿੱਚ ਜ਼ੀਰੋ ਕੋਵਿਡ ਨੀਤੀ ਵਿੱਚ ਢਿੱਲ ਦਿੱਤੀ ਹੈ, ਜਿਸ ਤੋਂ ਬਾਅਦ ਕੇਸ ਹੋਰ ਵੀ ਵੱਧ ਗਏ ਹਨ। ਚੀਨ ‘ਚ ਅਗਲੇ ਕੁਝ ਮਹੀਨਿਆਂ ‘ਚ 80 ਕਰੋੜ ਲੋਕ ਕੋਰੋਨਾ ਸੰਕਰਮਿਤ ਹੋ ਸਕਦੇ ਹਨ। ਲੰਡਨ ਸਥਿਤ ਗਲੋਬਲ ਹੈਲਥ ਇੰਟੈਲੀਜੈਂਸ ਕੰਪਨੀ ਏਅਰਫਿਨਿਟੀ ਨੇ ਕਿਹਾ ਕਿ ਚੀਨ ਵਿੱਚ ਜ਼ੀਰੋ ਕੋਵਿਡ ਨੀਤੀ ਦੇ ਖਤਮ ਹੋਣ ਤੋਂ ਬਾਅਦ 2.1 ਮਿਲੀਅਨ ਮੌਤਾਂ ਹੋ ਸਕਦੀਆਂ ਹਨ। ਏਅਰਫਿਨਿਟੀ ਨੇ ਇਸਦਾ ਕਾਰਨ ਚੀਨ ਵਿੱਚ ਘੱਟ ਟੀਕਾਕਰਨ ਅਤੇ ਐਂਟੀਬਾਡੀਜ਼ ਦੀ ਘਾਟ ਦੱਸਿਆ ਹੈ।
ਚੀਨ ਵਿੱਚ ਸੰਕਰਮਣ ਦੀ ਸਥਿਤੀ 2020 ਦੀ ਯਾਦ ਦਿਵਾ ਰਹੀ ਹੈ। ਹਸਪਤਾਲਾਂ ਦੇ ਸਾਰੇ ਬੈੱਡ ਭਰੇ ਪਏ ਹਨ। ਮੈਡੀਕਲ ਸਟੋਰਾਂ ਵਿੱਚ ਦਵਾਈਆਂ ਖਤਮ ਹੋ ਰਹੀਆਂ ਹਨ। ਮਰੀਜ਼ ਇਲਾਜ ਲਈ ਡਾਕਟਰ ਦੇ ਸਾਹਮਣੇ ਭੀਖ ਮੰਗਦੇ ਦੇਖੇ ਜਾ ਸਕਦੇ ਹਨ। ਜਦੋਂ ਬੱਚਿਆਂ ਨੂੰ ਬੁਖਾਰ ਹੁੰਦਾ ਹੈ ਤਾਂ ਮਾਵਾਂ ਉਨ੍ਹਾਂ ਨੂੰ ਆਲੂਆਂ ਨਾਲ ਉਤਾਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਬੀਜਿੰਗ ਦੇ ਸਭ ਤੋਂ ਵੱਡੇ ਸ਼ਮਸ਼ਾਨਘਾਟ ਵਿੱਚ 24 ਘੰਟੇ ਅੰਤਿਮ ਸੰਸਕਾਰ ਕੀਤੇ ਜਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਚੀਨ ‘ਚ ਫੈਲ ਰਿਹਾ ਨਵਾਂ ਵੇਰੀਐਂਟ ਹੋ ਸਕਦਾ ਹੈ। ਇਸ ਦਾ ਨਾਮ BA.5.2.1.7 ਹੈ। ਵਿਗਿਆਨੀ ਇਸ ਨੂੰ BF.7 ਵੀ ਕਹਿ ਰਹੇ ਹਨ। ਚੀਨ ਵਿੱਚ ਜ਼ੀਰੋ-ਕੋਵਿਡ ਨੀਤੀ ਦੇ ਖਤਮ ਹੋਣ ਤੋਂ ਬਾਅਦ ਇਸ ਨੂੰ ਮਾਮਲਿਆਂ ਵਿੱਚ ਅਚਾਨਕ ਵਾਧੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਮਾਹਰਾਂ ਦੇ ਮੁਤਾਬਕ ਇਹ ਓਮਿਕਰੋਨ ਦਾ ਸਭ ਤੋਂ ਖਤਰਨਾਕ ਮਿਊਟੇਸ਼ਨ ਹੈ। ਰਿਪੋਰਟ ਮੁਤਾਬਕ ਚੀਨ ਵਿੱਚ 80 ਕਰੋੜ ਲੋਕ ਇਸ ਦੀ ਲਪੇਟ ਵਿੱਚ ਆ ਚੁੱਕੇ ਹਨ।
ਮਾਹਰਾਂ ਦਾ ਮੰਨਣਾ ਹੈ ਕਿ ਚੀਨ ਵਿੱਚ ਫੈਲ ਰਿਹਾ BF.7 ਓਮੀਕ੍ਰਾਨ ਸਭ ਤੋਂ ਤਾਕਤਵਰ ਵੇਰੀਐਂਟ ਹੈ। ਇਹ ਪਹਿਲਾਂ ਤੋਂ ਪੌਜ਼ੀਟਿਵ ਆਏ ਲੋਕਾਂ ਤੇ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਿਹਾ ਹੈ। ਇਹ ਬਹੁਤ ਜਲਦੀ ਟਰਾਂਸਫਰ ਹੁੰਦਾ ਹੈ। ਇਸ ਵੇਰੀਐਂਟ ਤੋਂ ਸੰਕ੍ਰਮਿਤ ਮਰੀਜ਼ 10 ਤੋਂ 18.6 ਲੋਕਾਂ ਨੂੰ ਇੱਕ ਵਾਰ ਵਿੱਚ ਲਪੇਟ ਵਿੱਚ ਲੈਣ ਦੀ ਸਮਰੱਥਾ ਰਖਦਾ ਹੈ। ਚੀਨ ਵਿੱਚ ਕੋਰੋਨਾ ਦੇਕੇਸ ਦਿਨਾਂ ਵਿੱਚ ਨਹੀਂ, ਸਗੋਂ ਘੰਟਿਆਂ ਵਿੱਚ ਦੁੱਗਣੇ ਹੋ ਰਹੇ ਹਨੇ। ਇਸ ਵੇਰੀਐਂਟ ਦੇ ਲੱਛਣਾਂ ਵਿੱਚ ਸਰਦੀ, ਖਾਂਸੀ, ਬੁਖਾਰ, ਗਲੇ ਵਿੱਚ ਖਰਾਸ਼, ਉਲਟੀ ਤੇ ਡਾਇਰੀਆ ਸ਼ਾਮਲ ਹੈ।
ਦੂਜੇ ਪਾਸੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਰੋਨਾ ਵਾਇਰਸ ਦੇ ਫੈਲਣ ਬਾਰੇ ਭਾਜਪਾ ਦੇ ਤਿੰਨ ਸੰਸਦ ਮੈਂਬਰਾਂ ਵੱਲੋਂ ਪ੍ਰਗਟਾਈ ਚਿੰਤਾ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਜੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਜਾ ਸਕਦੀ ਹੈ ਤਾਂ ਉਹ ‘ਭਾਰਤ ਛੱਡੋ’ ‘ਜੋੜੋ ਯਾਤਰਾ’ ਨੂੰ ਮੁਅੱਤਲ ਕਰਨ ‘ਤੇ ਵਿਚਾਰ ਕਰਨ।
ਮੰਗਲਵਾਰ ਨੂੰ ਗਾਂਧੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਲਿਖੇ ਪੱਤਰ ਵਿੱਚ ਮਾਂਡਵੀਆ ਨੇ ਕਿਹਾ ਕਿ ਰਾਜਸਥਾਨ ਦੇ ਤਿੰਨ ਸੰਸਦ ਮੈਂਬਰਾਂ ਪੀਪੀ ਚੌਧਰੀ, ਨਿਹਾਲ ਚੰਦ ਅਤੇ ਦੇਵਜੀ ਪਟੇਲ ਨੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਉਨ੍ਹਾਂ ਨੇ ਮਾਰਚ ਦੌਰਾਨ ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਨੂੰ ਯਕੀਨੀ ਬਣਾਉਣ ਸਣੇ ਕੋਵਿਡ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਬੇਨਤੀ ਕੀਤੀ ਹੈ ਅਤੇ ਸਿਰਫ ਉਨ੍ਹਾਂ ਨੂੰ ਹੀ ਮਾਰਚ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਵੈਕਸੀਨ ਦੀ ਖੁਰਾਕ ਲਈ ਹੈ।