ਚੰਡੀਗੜ੍ਹ : 16 ਵੀਂ ਵਿਧਾਨ ਸਭਾ ਦੇ ਖਾਸ ਸੈਸ਼ਨ ਦੀ ਤੀਸਰੇ ਦਿਨ ਦੀ ਕਾਰਵਾਈ ਅੱਜ 11 ਵਜੇ ਸ਼ੁਰੂ ਹੋਈ । ਜੀਰੋ ਆਵਰ ਦੀ ਸ਼ੁਰੂਆਤ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੀ ਗੱਲ ਰੱਖਣ ਲਈ ਕਿਹਾ।
ਬਾਜਵਾ ਨੇ ਆਪਣੇ ਸੰਬੋਧਨ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਿਆ ਤੇ ਅਲੱਗ ਅਲੱਗ ਕਾਰਨਾਂ ਕਰਕੇ ਹੋਏ ਫਸਲੀ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਰੇਤ ਤੇ ਬਜਰੀ ਦੇ ਮਹਿੰਗੇ ਭਾਅ ਕਾਰਨ ਉਸਾਰੀ ਦੇ ਬੰਦ ਪਏ ਕੰਮ ਦੀ ਵੀ ਗੱਲ ਕੀਤੀ ।


ਇਸ ਤੋਂ ਇਲਾਵਾ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਅਤੇ ਫੌਜਾ ਸਿੰਘ ਸਰਾਰੀ ਮਾਮਲੇ ‘ਤੇ ਸਰਕਾਰ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਨੂੰ ਕਿਹਾ। ਰਾਹਤ ਵਾਲੀ ਗੱਲ ਇਹ ਰਹੀ ਕਿ ਪਿਛਲੇ ਦਿਨਾਂ ਤੋਂ ਉਲਟ ਅੱਜ ਵਿਰੋਧੀ ਧਿਰ ਸ਼ਾਂਤਮਈ ਢੰਗ ਨਾਲ ਸਦਨ ਦੀ ਕਾਰਵਾਈ ਵਿੱਚ ਹਿੱਸਾ ਪਾਉਂਦੀ ਦਿਖੀ।
ਇਸ ਤੋਂ ਬਾਅਦ ਸੁਖਵਿੰਦਰ ਸਿੰਘ ਕੋਟਲੀ ਨੇ ਪੰਜਾਬ ਸਰਕਾਰ ਦਾ ਧਿਆਨ ਆਪਣੇ ਇਲਾਕੇ ਵਿੱਚ 2016 ਨੂੰ ਸ਼ੁਰੂ ਹੋਏ ਪੁੱਲ ਦੀ ਉਸਾਰੀ ਵੱਲ ਦਿਵਾਇਆ ਤੇ ਕਿਹਾ ਕਿ ਇਹ ਹਾਲੇ ਤੱਕ ਪੂਰਾ ਨਹੀਂ ਹੋ ਸਕਿਆ ਹੈ। ਜਿਸ ਕਾਰਨ ਇਥੇ ਬਣੇ ਏਅਰਪੋਰਟ ਨੂੰ ਖਾਸ ਫਾਇਦਾ ਨਹੀਂ ਹੋ ਰਿਹਾ।
ਇਸ ਤੋਂ ਬਾਅਦ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਪ੍ਰਾਈਵੇਟ ਸਕੂਲਾਂ ਵਿੱਚ ਬੇਤਹਾਸ਼ਾ ਵੱਧੀਆਂ ਫੀਸਾਂ ਬਾਰੇ ਗੱਲ ਰੱਖੀ ਤੇ ਇਹਨਾਂ ਤੇ ਕਾਬੂ ਪਾਉਣ ਲਈ ਕੋਈ ਐਕਟ ਬਣਾਉਣ ਦੀ ਅਪੀਲ ਕੀਤੀ।

ਸਕੂਲਾਂ ਵਿੱਚ ਸਰੀਰਕ ਸਿੱਖਿਆ ਵਿਸ਼ੇ ਦੀ ਮਹੱਤਤਾ ‘ਤੇ ਬੋਲਦਿਆਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਖਾਲੀ ਪਈਆਂ ਪੀਟੀ ਤੇ ਡੀਪੀ ਪੋਸਟਾਂ ਨੂੰ ਭਰਨ ਦੀ ਗੱਲ ਕਹੀ।

ਵਿਧਾਇਕ ਹਰਦੇਵ ਸਿੰਘ ਲਾਡੀ ਨੇ ਦਿੱਲੀ ਮਾਡਲ ਸਕੂਲਾਂ ਦੀ ਗੱਲ ਕਰਦਿਆਂ ਕਿਹਾ ਕਿ ਮੇਰੇ ਇਲਾਕੇ ਵਿੱਚ ਵਿੱਚ ਸਕੂਲਾਂ ਨੂੰ ਅਪਗ੍ਰੇਡ ਕੀਤਾ ਗਿਆ ਸੀ ਪਰ ਹੁਣ ਉਹਨਾਂ ਬੱਚਿਆਂ ਨੂੰ ਹੋਰ ਪਾਸੇ ਦਾਖਲਾ ਲੈਣ ਲਈ ਕਿਹਾ ਜਾ ਰਿਹਾ ਹੈ। ਉਹਨਾਂ ਅਪੀਲ ਕੀਤੀ ਕਿ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਕੀਤੀ ਜਾਵੇ ਤੇ ਬੱਚਿਆਂ ਨੂੰ ਉਥੇ ਹੀ ਪੜਾਇਆ ਜਾਵੇ। ਇਸ ਤੋਂ ਇਲਾਵਾ ਉਹਨਾਂ ਦੇ ਇਲਾਕੇ ਦੇ ਦੋ ਬਲਾਕਾਂ ਵਿੱਚ ਬੀਡੀਓ ਦੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇ।
ਪੰਜਾਬ ਵਿੱਚ ਵੱਗਦੇ ਘਗਰ ਦਰਿਆ ਤੋਂ ਹੋਣ ਵਾਲੇ ਨੁਕਸਾਨ ਤੋਂ ਲਹਿਰੇ ਖਨੋਰੀ ਇਲਾਕੇ ਵਿੱਚ ਹੋਣ ਵਾਲੇ ਨੁਕਸਾਨ ਦੀ ਗੱਲ ਕਰਦਿਆਂ ਇਲਾਕੇ ਦੇ ਵਿਧਾਇਕ ਬਰਿੰਦਰ ਗੋਇਲ ਨੇ ਇਸ ਸਮੱਸਿਆ ਦੇ ਹੱਲ ਕਰਨ ਲਈ ਅਪੀਲ ਕੀਤੀ ਹੈ।

ਰਾਜਾ ਵੜਿੰਗ ਨੇ ਆਗਣਵਾੜੀ ਸੈਂਟਰ ਵਰਕਰਾਂ ਤੇ ਹੈਲਪਰਾਂ ਦਾ ਮਸਲਾ ਰੱਖਿਆ ਤੇ ਦਾਅਵਾ ਕੀਤਾ ਕਿ ਇਹਨਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਮਿਲੀ ਹੈ। ਆਂਗਨਵਾੜੀ ਸੈਂਟਰਾਂ ਵਿੱਚ ਹੋ ਰਹੇ ਖਰਚੇ ਵੀ ਇਹ ਆਪਣੇ ਕੋਲੋਂ ਕਰ ਰਹੀਆਂ ਹਨ ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਤੋਂ ਬੋਲਦਿਆਂ ਇੱਸ ਗੱਲ ਦੇ ਇਤਰਾਜ਼ ਜਤਾਇਆ ਹੈ ਕਿ ਸਿੱਧੇ ਪ੍ਰਸਾਰਣ ਵੇਲੇ ਵਿਰੋਧੀ ਧਿਰ ਦੇ ਨੇਤਾਵਾਂ ਤੇ ਕੈਮਰਾ ਜਿਆਦਾ ਫੋਕਸ ਨਹੀਂ ਕਰਦਾ ਹੈ।ਜਿਸ ‘ਤੇ ਸਪੀਕਰ ਨੇ ਇਸ ਮਾਮਲੇ ਨੂੰ ਦੇਖਣ ਦੀ ਗੱਲ ਆਖੀ।
ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬਿਆਸ ਦਰਿਆ ਰਾਹੀਂ ਆਪਣੇ ਇਲਾਕੇ ਵਿੱਚ ਪੈਂਦੀ ਮਾਰ ਦੀ ਗੱਲ ਕਰਦਿਆਂ ਦੱਸਿਆ ਕਿ ਇਹਸ ਨਾਲ ਇਲਾਕੇ ਵਿੱਚ ਬਹੁਤ ਨੁਕਸਾਨ ਹੁੰਦਾ ਹੈ ।

ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਆਪਣੇ ਇਲਾਕੇ ਦੇ ਕੁੱਝ ਪਿੰਡਾਂ ਦਾ ਨਾਂ ਗਿਣਾਉਂਦੇ ਹੋਏ ਇਥੇ ਲਿੰਕ ਸੜ੍ਹਕਾਂ ਬਣਾਉਣ ਦੀ ਗੱਲ ਕੀਤੀ ਤੇ ਕਿਹਾ ਕਿ ਇਹ ਸਾਡੇ ਲਈ ਸ਼ਰਮ ਦੀ ਗੱਲ ਹੈ ਕਿ ਆਜ਼ਾਦੀ ਤੋਂ 75 ਸਾਲ ਬਾਅਦ ਵੀ ਇਥੇ ਸੜ੍ਹਕਾਂ ਨਹੀਂ ਬਣ ਸਕੀਆਂ ਹਨ।

ਇਸ ਦੌਰਾਨ ਵਿੱਚ-ਵਿੱਚ ਪੰਜਾਬ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਸਪੀਕਰ ਵੱਲੋਂ ਸਮਾਂ ਨਾ ਦਿੱਤੇ ਜਾਣ ‘ਤੇ ਹੰਗਾਮਾ ਮਚਾਉਣ ਦੀ ਕੋਸ਼ਿਸ਼ ਕੀਤੀ ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਨੂੰ ਪੰਜਾਬ ਵਿੱਚ ਕਿਸਾਨਾਂ ਦੀ ਮੀਂਹ,ਝੱਖੜ ਤੇ ਹਨੇਰੀ ਨਾਲ ਖਰਾਬ ਹੋਈ ਫਸਲ ਬਾਰੇ ਘੇਰਿਆ ਤਾਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਵਾਬ ਦਿੱਤਾ ਕਿ ਇਸ ਸਬੰਧ ਵਿੱਚ ਗਿਰਦਾਵਰੀ ਦੇ ਹੁਕਮ ਜਾਰੀ ਹੋ ਗਏ ਹਨ ਤੇ ਜਲਦ ਹੀ ਮੁਆਵਜ਼ਾ ਵੀ ਕਿਸਾਨਾਂ ਨੂੰ ਦਿੱਤਾ ਜਾਵੇਗਾ। ਪੰਚਾਇਤ ਮੰਤਰੀ ਧਾਲੀਵਾਲ ਦੇ ਇਸ ਬਿਆਨ ‘ਤੇ ਬਾਜਵਾ ਨੇ ਪਲਟਵਾਰ ਕਰਦਿਆਂ ਦਾਅਵਾ ਕੀਤਾ ਕਿ ਸਰਕਾਰ ਨੇ ਅਜਿਹੇ ਕੋਈ ਹੁਕਮ ਜਾਰੀ ਨਹੀਂ ਕੀਤੇ ਹਨ।

ਇਸ ‘ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜੁਆਬ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਨੇ ਖੁੱਦ ਜੁਬਾਨੀ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਹਨ। ਇਸ ਤੇ ਵਿਰੋਧੀ ਧਿਰ ਨੇਤਾ ਸੰਤੁਸ਼ਟ ਨਹੀਂ ਹੋਏ ਤੇ ਸਵਾਲ ਲਗਾਤਾਰ ਕਰਦੇ ਰਹੇ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਮੰਤਰੀ ਧਾਲੀਵਾਲ ਦੀ ਗੱਲ ਦਾ ਪੱਖ ਪੂਰਦਿਆਂ ਕਿਸਾਨਾਂ ਨੂੰ ਸਹੀ ਮੁਆਵਜ਼ਾ ਦੇਣ ਦੀ ਗੱਲ ਆਖੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਦਨ ਵਿੱਚ ਆਉਂਦਿਆਂ ਹੀ ਕਾਂਗਰਸੀ ਆਗੂਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ,ਜਿਸ ‘ਤੇ ਮਾਨ ਨੇ ਵਿਰੋਧੀ ਧਿਰ ਨੂੰ ਘੇਰਦਿਆਂ ਹਮਲਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਗੈਰ-ਜ਼ਿੰਮੇਵਾਰਾਨਾ ਵਤੀਰਾ ਹੈ। ਉਹਨਾਂ ਕਾਂਗਰਸੀ ਆਗੂਆਂ ਤੇ ਇਲਜ਼ਾਮ ਲਗਾਇਆ ਕਿ ਉਹ ਬਾਰ-ਬਾਰ ਵਿਘਨ ਪਾ ਕੇ ਸਦਨ ਦਾ ਕੀਮਤੀ ਸਮਾਂ ਬਰਬਾਦ ਕੀਤਾ ਹੈ ਤੇ ਕਰਦਾਤਾਵਾਂ ਦੇ ਪੈਸੇ ਦੀ ਬਰਬਾਦੀ ਕੀਤੀ ਹੈ।
ਕਾਂਗਰਸੀ ਸਪੀਕਰ ਨੂੰ ਨਕਲੀ ਸਪੀਕਰ ਕਹਿੰਦੇ ਹਨ, ਜੋ ਆਪ ਕਦੇ ਨਕਲੀ ਮੁੱਖ ਮੰਤਰੀ ਨਾਲ ਕੰਮ ਕਰਦੇ ਰਹੇ ਹਨ। ਮਾਨ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਇਸ ਸੈਸ਼ਨ ਵਿੱਚ ਵਿਰੋਧੀ ਧਿਰ ਕਾਰਨ ਬਰਬਾਦ ਹੋਏ ਸਮੇਂ ਦੀ ਪੰਜਾਬ ਅਤੇ ਸੂਬੇ ਦੇ ਲੋਕਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨ ਲਈ ਵਰਤੋਂ ਹੋ ਸਕਦੀ ਸੀ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਾਂਗਰਸੀ ਆਗੂਆਂ ਨੂੰ ਕਿਹਾ ਕਿ ਉਹ ਆਪਣੀਆਂ ਡਰਾਮੇਬਾਜ਼ੀਆਂ ਰਾਹੀਂ ਵਿਧਾਨ ਸਭਾ ਦਾ ਸਮਾਂ ਬਰਬਾਦ ਨਾ ਕਰਨ। ਜੇ ਬਹੁਤੀ ਗੱਲ ਹੈ ਤਾਂ ਉਨ੍ਹਾਂ ਨੂੰ ਵਿਧਾਨ ਸਭਾ ਦੇ ਬਾਹਰ ਭਾਜਪਾ ਵਾਂਗ ਅਲੱਗ ਇਜਲਾਸ ਕਰਨ ।
ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਿੱਚ ਕੋਈ ਅੰਤਰ ਨਹੀਂ ਹੈ ਤੇ ਇਹ ਗੱਲ ਸਾਬਤ ਹੋ ਗਈ ਹੈ ਕਿ ਕਾਂਗਰਸ, ਭਗਵਾਂ ਪਾਰਟੀ ਦੀ ਬੀ ਟੀਮ ਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਕਾਂਗਰਸ ਦੇ ਮੁੱਖ ਮੰਤਰੀ ਨੇ ਭਾਜਪਾ ਦੇ ਇਸ਼ਾਰੇ ‘ਤੇ ਰਾਜ ਕਰਦਾ ਰਿਹਾ ਹੈ ਤੇ ਅਤੇ ਹੁਣ ਸਮੁੱਚੀ ਕਾਂਗਰਸ, ਭਗਵਾ ਪਾਰਟੀ ਦੇ ਇਸ਼ਾਰਿਆਂ ‘ਤੇ ਚੱਲ ਰਹੀ ਹੈ।
ਮੁੱਖ ਮੰਤਰੀ ਮਾਨ ਨੇ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਬਿੱਲ ਪੇਸ਼ ਕੀਤਾ।ਜਿਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਫੋਜਾ ਸਿੰਘ ਸਰਾਰੀ ਮਾਮਲੇ ਵਿੱਚ ਮਾਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਤੇ ਰੌਲਾ ਪਾ ਕੇ ਵਿਧਾਨ ਸਭਾ ਦੀ ਕਾਰਵਾਈ ਵਿੱਚ ਵਿਘਨ ਪਾਇਆ। ਰੌਲੇ ਰੱਪੇ ਦੌਰਾਨ ਹੀ ਇਸ ਬਿਲ ਨੂੰ ਵਿਧਾਨ ਸਭਾ ਵਿਚ ਪਾਸ ਕਰ ਦਿੱਤਾ ਹੈ। ਇਸ ਦੌਰਾਨ ਵਿਰੋਧੀ ਧਿਰ ਨੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਤੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ।

ਇਸ ਤੋਂ ਬਾਅਦ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦ ਪੰਜਾਬ ਵਿਲੇਜ ਕਾਮਨ ਲੈਂਡ ਅਮੈਂਡਮੈਂਟ ਬਿੱਲ 2022 ਸੈਸ਼ਨ ਦੀ ਬੈਠਕ ਵਿੱਚ ਪੇਸ਼ ਕੀਤਾ। ਇਸ ਦੌਰਾਨ ਵਿਰੋਧੀ ਧਿਰ ਵਿਧਾਨ ਸਭਾ ਵਿੱਚ ਰੌਲਾ ਪਾਉਂਦੀ ਰਹੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਾਰ ਬਾਰ ਵਿਰੋਧੀ ਧਿਰ ਦੇ ਨੇਤਾ ਨੂੰ ਅਪੀਲ ਕੀਤੀ ਕਿ ਉਹ ਵੀ ਕਾਰਵਾਈ ਵਿੱਚ ਹਿੱਸਾ ਲੈਣ ਪਰ ਉਹਨਾਂ ਆਪਣੀ ਕਾਰਵਾਈ ਜਾਰੀ ਰੱਖੀ। ਜਿਸ ਦੌਰਾਨ ਇਹ ਬਿੱਲ ਵੀ ਪਾਸ ਹੋ ਗਿਆ।

ਇਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦ ਪੰਜਾਬ ਗੁਡਸ ਐਂਡ ਸਰਵਿਸਿਜ ਅਮੈਂਡਮੈਂਟ ਐਕਟ 2022 ਪੇਸ਼ ਕੀਤਾ,ਜਿਸ ਨੂੰ ਪਾਸ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਬੋਲਦਿਆਂ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਲਗਾਇਆ ਕਿ ਉਹਨਾਂ ਦੀ ਸਰਕਾਰ ਦੇ ਚਹੇਤਿਆਂ ਨੇ ਹਮੇਸ਼ਾ ਟੈਕਸ ਦੇਣ ਦੇ ਮਾਮਲੇ ਵਿੱਚ ਘਪਲੇਬਾਜੀ ਕੀਤੀ ਹੈ। ਇਸ ਨੂੰ ਰੋਕਣ ਲਈ ਹੀ ਇਹ ਬਿੱਲ ਲਿਆਂਦਾ ਗਿਆ ਹੈ।

ਇਸ ਵਿਚਾਲੇ ਵਿਧਾਨ ਸਭਾ ਵਿੱਚ ਪੈ ਰਹੇ ਰੌਲੇ ਰੱਪੇ ‘ਤੇ ਸਖਤ ਟਿਪਣੀ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਤਰਾਂ ਦੀਆਂ ਕਾਰਵਾਈਆਂ ਕਰ ਕੇ ਵਿਰੋਧੀ ਧਿਰ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ । ਇਸ ਬਰਬਾਦ ਹੋ ਰਹੇ ਸਮੇਂ ਵਿੱਚ ਕਿੰਨੀਆਂ ਲੋਕ ਪੱਖੀ ਗੱਲਾਂ ਇਸ ਵਿਧਾਨ ਸਭਾ ਵਿੱਚ ਰੱਖੀਆਂ ਜਾਣੀਆਂ ਸੀ।

ਪੰਚਾਇਤ ਮੰਤਰੀ ਧਾਲੀਵਾਲ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਦੋਂ ਵਿਧਾਨ ਸਭਾ ਵਿੱਚ ਬੋਲਣਾ ਚਾਹਿਆ ਤਾਂ ਵਿਰੋਧੀ ਧਿਰ ਦਾ ਹੰਗਾਮਾ ਹੋਰ ਵੱਧ ਗਿਆ। ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੈਸ਼ਨ ਸੋਮਵਾਰ 3 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਤੇ ਵਿਰੋਧੀ ਧਿਰ ਨੂੰ ਇਹ ਤਾੜਨਾ ਕੀਤੀ ਕਿ ਉਹ ਸੋਮਵਾਰ ਨੂੰ ਪੂਰੀ ਤਿਆਰੀ ਨਾਲ ਆਉਣ ।