Punjab

ਚੋਰ ਨੇ ਦਿਖਾਈ ਐਸੀ ਦਰਿਆਦਲੀ ਕਿ ਪੀੜਤ ਵੀ ਹੋਇਆ ਖੁਸ਼! ਪੇਸ਼ ਕੀਤੀ ਨਵੀਂ ਮਿਸਾਲ

ਬਿਊਰੋ ਰਿਪਰੋਟ – ਸਾਰੇ ਚੋਰ ਦਿਲ ਦੇ ਮਾੜੇ ਨਹੀਂ ਹੁੰਦੇ, ਕਈ ਚੋਰ ਚੋਰੀ ਕਰਕੇ ਵੱਖਰੀ ਮਿਸਾਲ ਛੱਡ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਜਲਾਲਾਬਾਦ (Jalalabad) ਦੇ ਪਿੰਡ ਘਾਂਗਾ ਕਲਾਂ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਜਸਵਿੰਦਰ ਸਿੰਘ ਦਾ ਚੋਰ ਵੱਲੋਂ ਪਹਿਲਾਂ ਪਰਸ ਚੋਰੀ ਕੀਤਾ ਗਿਆ ਅਤੇ ਫਿਰ ਚੋਰੀ ਕੀਤੇ ਸਾਰੇ ਜ਼ਰੂਰੀ ਦਸਤਾਵੇਜ਼ ਡਾਕ ਰਾਹੀਂ ਉਸ ਨੂੰ ਵਾਪਸ ਕਰ ਦਿੱਤੇ। ਚੋਰ ਵੱਲੋਂ ਆਧਾਰ ਕਾਰਡ, ਪੈਨ ਕਾਰਡ ਅਤੇ ਕਈ ਹੋਰ ਜ਼ਰੂਰੀ ਦਸਤਾਵੇਜ਼ ਜੋ ਉਸ ਦੇ ਪਰਸ ਵਿਚ ਸਨ ਸਭ ਵਾਪਸ ਕਰ ਦਿੱਤੇ। ਪਰਸ ਵਿਚ 7 ਹਜ਼ਾਰ ਰੁਪਏ ਸੀ ਜੋ ਚੋਰ ਨੇ ਵਾਪਸ ਨਹੀਂ ਕੀਤੇ। ਪੀੜਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰੀ ਹੋਣ ਤੋਂ ਬਾਅਦ ਉਸ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ।

ਜਸਵਿੰਦਰ ਸਿੰਘ  ਨੇ ਕਿਹਾ ਕਿ ਉਹ ਸ੍ਰੀ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਗਿਆ ਸੀ ਅਤੇ ਉਸ ਦਾ ਪਰਸ ਵੀ ਅੰਮ੍ਰਿਤਸਰ ਵਿਚ ਹੀ ਚੋਰੀ ਹੋਇਆ ਸੀ। ਕੁਝ ਦਿਨਾਂ ਬਾਅਦ ਜਸਵਿੰਦਰ ਨੂੰ ਡਾਕ ਰਾਹੀਂ ਇਕ ਲਿਫਾਫਾ ਮਿਲਿਆ। ਜਦੋਂ ਉਸ ਨੇ ਲਿਫਾਫਾ ਖੋਲ੍ਹਿਆ ਤਾਂ ਦੇਖਿਆ ਕਿ ਉਸ ਵਿਚ ਉਸ ਦਾ ਆਧਾਰ ਕਾਰਡ, ਪੈਨ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਇਹ ਸਾਰਾ ਸਾਮਾਨ ਚੋਰੀ ਹੋਏ ਪਰਸ ਵਿੱਚ ਸੀ।

ਜਸਵਿੰਦਰ ਦਾ ਕਹਿਣਾ ਹੈ ਕਿ ਉਹ ਦਸਤਾਵੇਜ਼ ਪ੍ਰਾਪਤ ਕਰਕੇ ਖੁਸ਼ ਹੈ। ਚੋਰ ਵਿਚ ਕੁਝ ਇਨਸਾਨੀਅਤ ਹੈ। ਉਨ੍ਹਾਂ ਕਿਹਾ ਕਿ ਚੋਰ ਵੱਲੋਂ ਦਸਤਾਵੇਜ਼ ਵਾਪਸ ਕਰਨ ’ਤੇ ਮਨੁੱਖੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਚੋਰੀ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਪਰ ਇਸ ਘਟਨਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ। ਹਾਲਾਂਕਿ ਚੋਰ ਨੇ 7000 ਰੁਪਏ ਦੀ ਨਕਦੀ ਵਾਪਸ ਨਹੀਂ ਕੀਤੀ।

ਇਹ ਵੀ ਪੜ੍ਹੋ –  ਇਕ ਦੇਸ਼ ਇਕ ਚੋਣ ਦੇ ਪ੍ਰਸਤਾਵ ਨੂੰ ਸਰਕਾਰ ਦੀ ਮਨਜ਼ੂਰੀ!