.ਦ ਖ਼ਾਲਸ ਬਿਊਰੋ : ਸੰਨ 2011 ਵਿੱਚ ਨਿਕਲੀਆਂ ਪੀਟੀ ਆਧਿਆਪਕਾਂ ਦੀਆਂ ਭਰਤੀਆਂ ਮਾਮਲੇ ਨੂੰ ਲੈ ਕੇ ਸਰਕਾਰ ਵੱਲੋਂ ਅਣਗਹਿਲੀ ਵਰਤਣ ਕਾਰਣ ਦੁਖੀ ਹੋਏ ਅਧਿਆਪਕਾਂ ਨੇ ਨਾ ਸਿਰਫ ਸੋਹਾਣਾ,ਮੁਹਾਲੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਹੈ,ਸਗੋਂ ਮੰਗਾਂ ਨਾ ਮੰਨੇ ਜਾਣ ਨੂੰ ਲੈ ਕੇ ਦੋ ਅਧਿਆਪਕਾਂ ਪਾਣੀ ਦੀ ਟੈਂਕੀ ਤੇ ਵੀ ਚੜੀਆਂ ਹੋਈਆਂ ਹਨ ਤਾਂ ਜੋ ਸਰਕਾਰ ਤੱਕ ਇਹਨਾਂ ਦੀ ਆਵਾਜ਼ ਪਹੁੰਚ ਸਕੇ। ਇਹਨਾਂ ਵਿੱਚ ਸਿੱਪੀ ਸ਼ਰਮਾ ਨਾਂ ਦੀ ਅਧਿਆਪਕਾ ਵੀ ਸ਼ਾਮਲ ਹੈ, ਜਿਸ ਨੂੰ ਪਿਛਲੇ ਪ੍ਰਦਰਸ਼ਨਾਂ ਦੇ ਦੋਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਭੈਣ ਕਹਿ ਕੇ ਟੈਂਕੀ ਤੋਂ ਥੱਲੇ ਲਾਹਿਆ ਸੀ।
ਸਰੀਰਕ ਸਿਖਲਾਈ ਅਧਿਆਪਕਾਂ ਸਿੱਪੀ ਸ਼ਰਮਾ ਦਾ ਕਹਿਣਾ ਸੀ ਕਿ ਪਿਛਲੀ ਪੰਜਾਬ ਸਰਕਾਰ ਨੇ ਨੌਕਰੀਆਂ ਦੀ ਗਰੰਟੀ ਦਿੱਤੀ ਸੀ, ਪਰ ਕਦੇ ਨਹੀਂ ਮਿਲੀ। ਉਸ ਸਮੇਂ ਵਿਰੋਧੀ ਧਿਰ ‘ਆਪ’ ਨੇ ਸੱਤਾ ਵਿੱਚ ਆਉਣ ਤੇ ਨੌਕਰੀਆਂ ਦਾ ਭਰੋਸਾ ਦਿੱਤਾ ਸੀ, ਪਰ ‘ਆਪ’ ਸਰਕਾਰ ਦੇ 7 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਝੂਠਾ ਭਰੋਸਾ ਦਿੱਤਾ ਜਾ ਰਿਹਾ ਹੈ।
ਧਰਨਾ ਦੇ ਰਹੇ ਅਧਿਆਪਕਾਂ ਨੇ ਦੱਸਿਆ ਹੈ ਕਿ ਸੰਨ 2011 ਦਾ ਇਹ ਮਾਮਲਾ ਲੱਟਕ ਰਿਹਾ ਹੈ ।ਉਦੋਂ 646 ਪੋਸਟਾਂ ਸਰਕਾਰ ਨੇ ਕੱਢੀਆਂ ਸੀ। ਜਿਸ ਲਈ ਅਣਅਧਿਕਾਰਤ ਟੈਸਟ ਦੇਣ ਲਈ ਕਿਹਾ ਗਿਆ ਪਰ 2016 ਵਿੱਚ ਇਸ ਤੇ ਵੀ ਹਾਈਕੋਰਟ ਨੇ ਸਟੇਅ ਲਾ ਦਿੱਤਾ। ਇਸ ਤੋਂ ਬਾਅਦ ਲਗਾਤਾਰ ਇਹ ਕੇਸ ਚੱਲਿਆ ਹੈ ਤੇ ਪਿਛਲੇ ਸਾਲ ਇਸ ਸਬੰਧ ਵਿੱਚ ਅਦਾਲਤ ਨੇ ਫੈਸਲਾ ਦਿੱਤਾ ਕਿ ਇਹਨਾਂ ਨਿਯੁਕਤੀਆਂ ਲਈ ਕੋਈ ਟੈਸਟ ਨਹੀਂ ਬਣਦਾ ਹੈ,ਸੋ ਮੈਰਿਟ ਦੇ ਆਧਾਰ ਤੇ ਇਹ ਭਰਤੀ ਕੀਤੀ ਜਾਵੇ।
ਧਰਨਾਕਾਰੀਆਂ ਵਿੱਚ ਸ਼ਾਮਲ ਮਹਿਲਾ ਉਮੀਦਵਾਰਾਂ ਨੇ ਵੀ ਸਰਕਾਰ ਤੇ ਬੇਇਨਸਾਫੀ ਕਰਨ ਦੇ ਇਲਜ਼ਾਮ ਲਗਾਏ ਹਨ ਤੇ ਕਿਹਾ ਹੈ ਕਿ ਹੱਕ ਮੰਗਣ ਤੇ ਸਾਡੇ ਤੇ ਪਾਣੀ ਦੀਆਂ ਬੁਛਾਰਾਂ ਛੱਡੀਆਂ ਜਾਂਦੀਆਂ ਹਨ ਤੇ ਲਾਠੀਚਾਰਜ ਕੀਤਾ ਜਾਂਦਾ ਹੈ।
ਜਿਕਰਯੋਗ ਹੈ ਕਿ ਇਹ ਅਧਿਆਪਕ ਪਿਛਲੇ ਕਈ ਸਾਲਾਂ ਤੋਂ ਇਹਨਾਂ ਅਸਾਮੀਆਂ ਤੇ ਨਿਯੁਕਤੀ ਲਈ ਇੰਤਜ਼ਾਰ ਕਰ ਰਹੇ ਹਨ। ਅਦਾਲਤ ਵਿੱਚ ਕੇਸ ਵੀ ਚੱਲਿਆ ਹੈ,ਇਹਨਾਂ ਦੀ ਨਿਯੁਕਤੀ ਲਈ ਹੁਕਮ ਵੀ ਅਦਾਲਤ ਨੇ ਜਾਰੀ ਕਰ ਦਿੱਤੇ ਹਨ ਪਰ ਹਾਲੇ ਵੀ ਮੈਰਿਟ ਸੂਚੀ ਜਾਰੀ ਨਹੀਂ ਹੋਈ ਹੈ। ਜਿਸ ਕਾਰਨ ਹੁਣ ਇਹਨਾਂ ਨੂੰ ਸੰਘਰਸ਼ ਦਾ ਰਾਹ ਫੜਨਾ ਪੈ ਰਿਹਾ ਹੈ ।