ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਇੱਕ ਵਾਰ ਮੁੜ ਤੋਂ ਪੰਜਾਬ ਦੀ ਸਿਆਸਤ ਵਿੱਚ ਚਰਚਾ ਵਿੱਚ ਆ ਗਏ ਹਨ। ਕਈ ਅਦਾਰਿਆਂ ‘ਤੇ ਖ਼ਬਰ ਚੱਲ ਰਹੀ ਹੈ ਕਿ ਬੀਬੀ ਜਗੀਰ ਕੌਰ ਦੇ ਘਰ ਪੰਜਾਬ ਵਿਜੀਲੈਂਬ ਬਿਊਰੋ ਨੇ ਰੇਡ ਮਾਰੀ ਹੈ ਅਤੇ ਉਹਨਾਂ ਤੋਂ ਕਰੀਬ 2 ਘੰਟੇ ਪੁੱਛ ਪੜਤਾਲ ਕੀਤੀ ਗਈ ਹੈ। ਹਾਲਾਂਕਿ, ਬੀਬੀ ਜਗੀਰ ਕੌਰ ਨੇ ਇਸਨੂੰ ਖਾਰਜ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਨੇ ਇੱਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਤੋਂ ਵਿਜੀਲੈਂਸ ਨੇ ਕੋਈ ਪੁੱਛ-ਗਿੱਛ ਨਹੀਂ ਕੀਤੀ ਹੈ ਤੇ ਉਹ ਤਾਂ ਸ਼ੁੱਕਰਵਾਰ ਨੂੰ ਬੇਗੋਵਾਲ ਵਿਚ ਮੌਜੂਦ ਹੀ ਨਹੀਂ ਸਨ ਸਗੋਂ ਲੁਧਿਆਣਾ ਗਏ ਹੋਏ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਮੀਡੀਆ ਦੇ ਇਕ ਹਿੱਸੇ ਨੇ ਦਾਅਵਾ ਕੀਤਾ ਹੈ ਕਿ ਵਿਜੀਲੈਂਸ ਦੀ ਟੀਮ ਨੇ ਦੋ ਘੰਟੇ ਤੋਂ ਵੱਧ ਸਮੇਂ ਤੱਕ ਬੀਬੀ ਜਗੀਰ ਕੌਰ ਤੋਂ ਪੁੱਛ-ਗਿੱਛ ਕੀਤੀ ਹੈ।
ਦੱਸਿਆ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਨਗਰ ਪੰਚਾਇਤ ਬੇਗੋਵਾਲ ਦੀ ਜ਼ਮੀਨ ’ਤੇ ਉਹਨਾਂ ਦਾ ਕਬਜ਼ਾ ਕੀਤਾ ਹੋਇਆ ਹੈ। ਸੂਤਰਾਂ ਮੁਤਾਬਕ ਭੁਲੱਥ ਦੇ ਨਾਇਬ ਤਹਿਸੀਲਦਾਰ ਤੇ ਪਟਵਾਰੀ ਨੂੰ ਵਿਜੀਲੈਂਸ ਨੇ ਦਸਤਾਵੇਜ਼ੀ ਰਿਕਾਰਡ ਸਮੇਤ ਤਲਬ ਕੀਤਾ ਸੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਵਿਚ 28 ਅਗਸਤ 2023 ਨੂੰ ਦਿੱਤੇ ਹੁਕਮ ਵਿਚ ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੂੰ ਇਸ ਮਾਮਲੇ ਵਿਚ ਛੇ ਹਫਤਿਆਂ ਵਿਚ ਰਿਪੋਰਟ ਪੇਸ਼ ਕਰਨ ਨੂੰ ਕਿਹਾ ਸੀ। ਇਸ ਲਈ ਵਿਜੀਲੈਂਸ ਦੇ 2 ਅਫ਼ਸਰ ਬੇਗੋਵਾਲ ਪਿੰਡ ਵਿੱਚ ਪਹੁੰਚੇ ਸਨ। ਇਸ ਟੀਮ ਨੇ ਬੀਬੀ ਜਗੀਰ ਕੌਰ ਵੱਲੋਂ ਬਣਾਏ ਸਕੂਲ ਵਿਚ ਜ਼ਮੀਨ ਦੀ ਪੈਮਾਇਸ਼ ਜ਼ਰੂਰ ਕੀਤੀ ਹੈ।