India

ਸੁਪਰੀਮ ਕੋਰਟ ਵਿੱਚ ਦਿੱਲੀ ‘ਚ ਲੱਗੇ ਕਿਸਾਨੀ ਧਰਨੇ ਨੂੰ ਲੈ ਕੇ ਸੁਣਵਾਈ ਹੋਵੇਗੀ ਸ਼ੁਰੂ

‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨ ‘ਤੇ ਕਿਸਾਨ ਅਤੇ ਕੇਂਦਰ ਸਰਕਾਰ ਦੇ ਵਿੱਚ ਗੱਲਬਾਤ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਦੇ ਚੀਫ਼ ਜਸਟਿਸ SK ਬੋਬਡੇ ਦੀ ਅਗਵਾਈ ਵਿੱਚ ਜਸਟਿਸ ਬੋਪਨਾ ਅਤੇ ਜਸਟਿਸ ਰਾਮਾਸੁਬਰਾਮਨਿਅਮ ਦੀ ਬੈਂਚ ਦਿੱਲੀ ਧਰਨੇ ਨੂੰ ਲੈ ਕੇ 16 ਦਸੰਬਰ ਨੂੰ ਸੁਣਵਾਈ ਕਰਨ ਜਾ ਰਹੀ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਦਿੱਲੀ ਸੀਲ ਕੀਤੇ ਜਾਣ ‘ਤੇ ਕਾਨੂੰਨ ਦੇ ਵਿਦਿਆਰਥੀ ਰਿਸ਼ਬ ਸ਼ਰਮਾ ਨੇ ਇਹ ਪਟੀਸ਼ਨ ਪਾਈ ਸੀ।

ਪਟੀਸ਼ਨਕਰਤਾ ਨੇ ਸ਼ਾਹੀਨ ਬਾਗ ਦਾ ਦਿੱਤਾ ਸੀ ਹਵਾਲਾ

ਪਟੀਸ਼ਨਕਰਤਾ ਦਾ ਕਹਿਣਾ ਸੀ ਕਿ ਸ਼ਾਹੀਨ ਬਾਗ ਫ਼ੈਸਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪ੍ਰਦਰਸ਼ਨ ਪ੍ਰਸ਼ਾਸਨ ਵੱਲੋਂ ਤੈਅ ਥਾਂ ‘ਤੇ ਹੋਣਾ ਚਾਹੀਦਾ ਹੈ, ਇਸ ਲਈ ਜੋ ਪ੍ਰਦਰਸ਼ਨ ਦੇ ਲਈ ਤੈਅ ਕੀਤੀ ਗਈ ਥਾਂ ਹੈ, ਉਸੇ ਥਾਂ ‘ਤੇ ਹੀ ਪ੍ਰਦਰਸ਼ਨਕਾਰੀਆਂ ਨੂੰ ਸ਼ਿਫਟ ਹੋਣਾ ਚਾਹੀਦਾ ਹੈ। ਪਟੀਸ਼ਨਕਰਤਾ ਨੇ ਅਦਾਲਤ ਵਿੱਚ ਕੋਰੋਨਾ ਮਹਾਂਮਾਰੀ ਦਾ ਵੀ ਹਵਾਲਾ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਦੀ ਵਜ੍ਹਾ ਕਰਕੇ ਕੋਰੋਨਾ ਫੈਲਣ ਦਾ ਖ਼ਤਰਾ ਹੈ।

ਸ਼ਾਹੀਨ ਬਾਗ ਮਾਮਲੇ ਵਿੱਚ ਵੀ ਸੁਪਰੀਮ ਕੋਰਟ ਨੇ ਇੱਕ ਕਮੇਟੀ ਦਾ ਗਠਨ ਕੀਤਾ ਸੀ, ਜਿਸ ਦੇ ਜ਼ਰੀਏ ਪ੍ਰਦਰਸ਼ਨ ਖ਼ਤਮ ਕਰਵਾਇਆ ਗਿਆ ਸੀ। ਕੁੱਝ ਦਿਨ ਪਹਿਲਾਂ ਪੰਜਾਬ-ਹਰਿਆਣਾ ਹਾਈਕੋਰਟ ਨੇ ਵੀ ਸੁਪਰੀਮ ਕੋਰਟ ਦੇ ਸ਼ਾਹੀਨ ਬਾਗ ਦੇ ਫ਼ੈਸਲੇ ਦੇ ਅਧਾਰ ‘ਤੇ ਹੀ ਪੰਜਾਬ ਵਿੱਚ ਰੇਲਾਂ ਰੋਕਣ ‘ਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਖਿਲਾਫ਼ ਕਾਰਵਾਈ ਕਰਨ ਦੀ ਛੋਟ ਦਿੱਤੀ ਸੀ।