India

ਸੁਪਰੀਮ ਕੋਰਟ ਨੇ NEET ਮਾਮਲੇ ‘ਚ ਮੁੜ ਜਾਂਚ ਦੀ ਮੰਗ ਕੀਤੀ ਖਾਰਜ

ਦਿੱਲੀ : ਸੁਪਰੀਮ ਕੋਰਟ ਨੇ ਅੱਜ ਨੀਟ-ਯੂਜੀ 2024 ਸਬੰਧੀ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਇਸ ਮਾਮਲੇ ਦੀ ਮੁੜ ਤੋਂ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਨਾਲ ਹੀ ਸਪਸ਼ਟ ਕੀਤਾ ਹੈ ਕਿ ਜੇ ਇਸ ਪ੍ਰੀਖਿਆ ਦੀ ਪਵਿੱਤਰਤਾ ਭੰਗ ਹੋਈ ਹੈ ਤਾਂ ਹੀ ਇਸ ਪ੍ਰੀਖਿਆ ਨੂੰ ਮੁੜ ਕਰਵਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪ੍ਰੀਖਿਆ ਨਵੇਂ ਸਿਰੇ ਤੋਂ ਕਰਵਾਉਣ ਦਾ ਕੋਈ ਠੋਸ ਆਧਾਰ ਹੋਣਾ ਚਾਹੀਦਾ ਹੈ। ਭਾਰਤ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੇ ਬੈਂਚ ਨੇ ਵਿਵਾਦਗ੍ਰਸਤ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ 2024 ਨਾਲ ਸਬੰਧਤ ਪਟੀਸ਼ਨਾਂ ਦੇ ਬੈਚ ’ਤੇ ਸੁਣਵਾਈ ਕੀਤੀ ਜੋ ਹੁਣ ਵੀ ਜਾਰੀ ਹੈ।

ਕੋਰਟ ਵਿਚ ਸੁਣਵਾਈ ਦੌਰਾਨ ਸਾਲਿਸਟਰ ਜਨਰਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਨ੍ਹਾਂਨੂੰ ਕਰੀਬ 15,000 ਨਵੀਆਂ ਰਜਿਸਟ੍ਰੇਸ਼ਨਾਂ ਮਿਲੀਆਂ ਹਨ। ਇਨ੍ਹਾਂ ਨਵੇਂ 15,094 ਵਿਦਿਆਰਥੀਆਂ ਵਿੱਚੋਂ 1.08 ਲੱਖ ਵਿਦਿਆਰਥੀਆਂ ਵਿੱਚੋਂ ਸਿਰਫ਼ 44 ਅਜਿਹੇ ਹਨ ਜੋ ਪ੍ਰਾਈਵੇਟ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਦਾਖ਼ਲਾ ਲੈਣਗੇ।

ਐਨਟੀਏ ਦੇ ਵਕੀਲ ਨੇ ਕਿਹਾ ਕਿ ਨਵੀਂ ਰਜਿਸਟ੍ਰੇਸ਼ਨ ਕਰਨ ਵਾਲੇ ਕਰੀਬ 12 ਹਜ਼ਾਰ ਵਿਦਿਆਰਥੀ ਫੇਲ੍ਹ ਹੋ ਗਏ ਹਨ। ਸਾਲਿਸਟਰ ਜਨਰਲ ਨੇ ਕਿਹਾ ਕਿ ਨਵੀਂ ਰਜਿਸਟਰੇਸ਼ਨ ਖੋਲ੍ਹਣ ਦਾ ਮਕਸਦ ਕਿਸੇ ਵਿਅਕਤੀ ਵਿਸ਼ੇਸ਼ ਦੀ ਮਦਦ ਕਰਨਾ ਨਹੀਂ ਸੀ। ਇਹ ਵਿਦਿਆਰਥੀਆਂ ਦੀ ਭਲਾਈ ਲਈ ਕੀਤਾ ਗਿਆ ਸੀ। ਨਵੀਆਂ ਰਜਿਸਟ੍ਰੇਸ਼ਨਾਂ ਵਿੱਚੋਂ ਸਿਰਫ਼ 44 ਹੀ ਦਾਖ਼ਲਾ ਲੈ ਸਕੇ ਹਨ।